ਜਲੰਧਰ (ਰਾਘਵ): ਜਲੰਧਰ ਦੇ ਵਾਰਡ ਨੰਬਰ 28 ਦੇ ਕੌਂਸਲਰ ਅਤੇ ਕੌਂਸਲਰ ਪਤੀ ਸ਼ੈਰੀ ਚੱਢਾ ਦੇ ਪੱਕਾ ਬਾਗ ਸਥਿਤ ਘਰ ਵਿਚ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਕੌਂਸਲਰ ਚੱਢਾ ਜ਼ਖ਼ਮੀ ਹੋਏ ਹਨ, ਜਦਕਿ ਆਲੇ-ਦੁਆਲੇ ਦੇ ਲੋਕਾਂ ਨੇ ਜਦੋਂ ਹਮਲਾਵਰ 3 ਨੌਜਵਾਨਾਂ ਨੂੰ ਕਾਬੂ ਕਰਨਾ ਚਾਹਿਆ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਗਏ। ਦੇਰ ਰਾਤ 1 ਵਜੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਜਾਣਕਾਰੀ ਦਿੰਦੇ ਸ਼ੈਰੀ ਚੱਢਾ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀਆਂ ਦੇ ਘਰ ਦੇ ਬਾਹਰ ਰਸਤਾ ਮੁਹੱਲਾ ਦੇ 3 ਨੌਜਵਾਨ ਹੰਗਾਮਾ ਕਰ ਰਹੇ ਸਨ। ਉਨ੍ਹਾਂ ਉਕਤ ਨੌਜਵਾਨਾਂ ਨੂੰ ਸਮਝਾਉਣਾ ਚਾਹਿਆ ਪਰ ਉਹ ਉਨ੍ਹਾਂ ਨਾਲ ਹੀ ਉਲਝ ਗਏ। ਵੇਖਦੇ ਹੀ ਵੇਖਦੇ ਉਹ ਨੌਜਵਾਨ ਭੜਕ ਗਏ। ਉਹ ਉਨ੍ਹਾਂ ਦੀ ਹਾਲਤ ਵੇਖ ਕੇ ਘਰ ਦੇ ਅੰਦਰ ਚਲੇ ਗਏ ਪਰ ਉਕਤ ਨੌਜਵਾਨਾਂ ਨੇ ਗੇਟ ’ਤੇ ਤੇਜ਼ਧਾਰ ਹਥਿਆਰ ਅਤੇ ਇੱਟਾਂ ਵੀ ਮਾਰੀਆਂ। ਕੌਂਸਲਰ ਪਤੀ-ਪਤਨੀ ਦੇ ਘਰ ’ਤੇ ਹੋਏ ਹਮਲੇ ਤੋਂ ਇਲਾਕੇ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਹਮਲਾਵਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਲੋਕਾਂ ਦੇ ਚੁੰਗਲ ਵਿਚੋਂ ਭੱਜ ਨਿਕਲੇ। ਦੂਜੇ ਪਾਸੇ ਕੌਂਸਲਰ ਚੱਢਾ ਨੇ ਕਿਹਾ ਕਿ 3 ਹਮਲਾਵਰਾਂ ਵਿਚੋਂ ਇਕ ਖ਼ਿਲਾਫ਼ ਚਿੱਟੇ ਦੇ 3 ਕੇਸ ਦਰਜ ਹਨ। ਫਿਲਹਾਲ ਥਾਣਾ ਨੰਬਰ 4 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



