ਬਠਿੰਡਾ (ਪਾਇਲ): ਦੱਸ ਦਇਏ ਕਿ ਮੁਲਤਾਨੀਆ ਰੋਡ 'ਤੇ ਭਗਵਤੀ ਕਲੋਨੀ ਦੇ ਗੇਟ ਨੰਬਰ 2 ਨੇੜੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਐਕਟਿਵਾ ਸਵਾਰ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਇਸ ਦੌਰਾਨ ਇਲਾਕੇ ਵਿਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗੋਇਲ ਮੌਕੇ ''ਤੇ ਪਹੁੰਚ ਗਏ ਅਤੇ ਸਹਾਰਾ ਟੀਮ ਨੇ ਐਕਟਿਵਾ ਸਵਾਰ ਨੂੰ ਇਲਾਜ ਲਈ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ।
ਜਾਣਕਾਰੀ ਮੁਤਾਬਕ ਇਸ ਦੌਰਾਨ ਡਿਊਟੀ 'ਤੇ ਮੌਜੂਦ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਵਿਚ ਮਾਰੇ ਗਏ ਪੁਲਿਸ ਅਧਿਕਾਰੀ ਦੀ ਪਛਾਣ ਬੇਅੰਤ ਸਿੰਘ (37) ਪੁੱਤਰ ਕਰਮ ਸਿੰਘ ਵਾਸੀ ਬੀੜ ਰੋਡ ਗਲੀ ਨੰਬਰ 10 ਵਜੋਂ ਹੋਈ ਹੈ। ਮ੍ਰਿਤਕ ਮੁਲਾਜ਼ਮ ਰਾਤ ਦੇ ਸਮੇਂ ਆਪਣੀ ਡਿਊਟੀ ਪੂਰੀ ਕਰਕੇ ਘਰ ਵਾਪਸ ਆ ਰਿਹਾ ਸੀ, ਜਦੋਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਘਟਨਾ ਸਥਾਨ 'ਤੇ ਪਹੁੰਚੀ ਪੁਲਿਸ ਵਲੋਂ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

