
ਬਠਿੰਡਾ (ਨੇਹਾ): ਸ਼ਰਾਬ ਦੇ ਨਸ਼ੇ 'ਚ ਧੁੱਤ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ। ਇਹ ਘਟਨਾ ਐਤਵਾਰ ਰਾਤ ਕਰੀਬ 11 ਵਜੇ ਵਾਪਰੀ ਦੱਸੀ ਜਾ ਰਹੀ ਹੈ। ਪੁਲਿਸ ਨੇ ਨੌਜਵਾਨ ਦੀ ਹੱਤਿਆ ਕਰਨ ਵਾਲੇ ਅੱਧੀ ਦਰਜਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਜ਼ਿਲ੍ਹੇ ਦੇ ਪਿੰਡ ਲਾਲਬਾਈ ਦਾ ਰਹਿਣ ਵਾਲਾ 21 ਸਾਲਾਂ ਨੌਜਵਾਨ ਇਮਰੋਜ਼ ਸਿੰਘ ਦਾ ਮਾਡਲ ਟਾਊਨ ਫੇਜ਼ ਤਿੰਨ ਦੀ ਮਾਰਕੀਟ ਕੋਲ ਸਥਿਤ ਦਾਦੀ-ਪੋਤੀ ਪਾਰਕ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਪਤਾ ਲੱਗਾ ਹੈ ਕਿ ਇਮਰੋਜ਼ ਸਿੰਘ ਤੇ ਉਸ ਦੇ ਤਿੰਨ ਹੋਰ ਸਾਥੀਆਂ ਨੇ ਪਿੰਡ ਲਾਲਬਾਈ ਤੋਂ ਮਨਾਲੀ ਲਈ ਘੁੰਮਣ ਜਾਣਾ ਸੀ ਪਰ ਗੱਡੀ ਖਰਾਬ ਹੋ ਜਾਣ ਕਾਰਨ ਉਨ੍ਹਾਂ ਆਪਣੀ ਇਹ ਯਾਤਰਾ ਰੱਦ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਬਠਿੰਡਾ ਵਿਖੇ ਆਉਣ ਦਾ ਮਨ ਬਣਾ ਲਿਆ, ਜਿਸ ਤੋਂ ਬਾਅਦ ਇਮਰੋਜ਼ ਸਿੰਘ ਤੇ ਉਸ ਦੇ ਤਿੰਨ ਸਾਥੀ ਆਪਣੇ ਹੋਰਨਾਂ ਦੋਸਤਾਂ ਕੋਲ ਬਠਿੰਡਾ ਦੇ ਅਜੀਤ ਰੋਡ ਸਥਿਤ ਇਕ ਪੀਜੀ 'ਚ ਪਹੁੰਚ ਗਏ। ਇਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਇਕੱਠਿਆਂ ਸ਼ਰਾਬ ਪੀਤੀ ਅਤੇ ਉਹ ਮਾਡਲ ਟਾਊਨ ਫੇਸ ਤਿੰਨ ਦੀ ਮਾਰਕੀਟ ਵਿਚ ਪੁੱਜ ਗਏ।
ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨਾਂ ਦਾ ਦੋਸਤ ਸ਼ਵੀ ਜੰਗੀਰਾਣਾ ਆਪਣੇ ਨਾਲ ਤਿੰਨ ਚਾਰ ਹੋਰ ਨੌਜਵਾਨਾਂ ਨੂੰ ਲੈ ਆਇਆ ਸੀ, ਜਿਸ ਨੂੰ ਇਮਰੋਜ਼ ਸਿੰਘ ਤੇ ਉਸਦੇ ਸਾਥੀਆਂ ਨੇ ਚੰਗਾ ਨਹੀਂ ਸਮਝਿਆ। ਸ਼ਰਾਬ ਪੀਂਦਿਆਂ ਹੀ ਇਸ ਦੌਰਾਨ ਉਨ੍ਹਾਂ ਦੀ ਆਪਸ 'ਚ ਬਹਿਸ ਹੋ ਗਈ, ਜਿਸ ਤੋਂ ਬਾਅਦ ਸ਼ਵੀ ਜੰਗੀਰਾਣਾ, ਬੱਬੂ, ਖੁਸ਼ ਅਤੇ ਹੋਰਨਾਂ ਨੌਜਵਾਨਾਂ ਨੇ ਇਮਰੋਜ਼ ਸਿੰਘ ਉੱਪਰ ਕਾਪੇ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਉਕਤ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਏਮਜ਼ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।