Punjab: ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਵੱਡਾ ਐਲਾਨ

by nripost

ਮੋਹਾਲੀ (ਰਾਘਵ): ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਆਧੁਨਿਕ ਲੀਹਾਂ ’ਤੇ ਤੋਰਨ ਲਈ ਸਿੱਖਿਆ ਬੋਰਡ ਵੱਲੋਂ ਜਲਦੀ ਹੀ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਦੇ ਜੇਤੂਆਂ ਦਾ ਸਨਮਾਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੋਰਡ ਜਲਦੀ ਹੀ ਵਿਦੇਸ਼ੀ ਦੂਤਾਵਾਸਾਂ ਅਤੇ ਵਿੱਦਿਅਕ ਸੰਸਥਾਵਾਂ ਨਾਲ ਰਾਬਤਾ ਕਰੇਗਾ ਤਾਂ ਜੋ ਪੰਜਾਬ ਦੇ ਵਿਸ਼ਵ ਪੱਧਰ ’ਤੇ ਵਿੱਦਿਅਕ ਸਥਾਨ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਾਇੰਸ ਓਲੰਪਿਆਡ ਵੀ ਸ਼ੁਰੂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਖਾਲੀ ਪਈਆਂ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਭਰਨ ਲਈ ਜਲਦ ਹੀ 450 ਪ੍ਰਿੰਸੀਪਲ ਪਦਉੱਨਤ ਕੀਤੇ ਜਾਣਗੇ ਅਤੇ ਅਧਿਆਪਕਾਂ ਦੀਆਂ ਅਸਾਮੀਆਂ ਪਹਿਲਾਂ ਹੀ ਢੁਕਵੀਂ ਪ੍ਰਕਿਰਿਆ ਰਾਹੀਂ ਭਰੀਆਂ ਜਾ ਰਹੀਆਂ ਹਨ। ਇਸ ਓਲੰਪਿਆਡ ਵਿਚ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ 2024 ਦੇ ਜੇਤੂਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿਚ ਪਹਿਲੇ ਸਥਾਨ ਲਈ 5,100 ਰੁਪਏ, ਦੂਜੇ ਸਥਾਨ ਲਈ 3,100 ਰੁਪਏ ਅਤੇ ਤੀਜੇ ਸਥਾਨ ਲਈ 2,100 ਰੁਪਏ ਕੁੱਲ 33 ਪ੍ਰਤੀਯੋਗੀਆਂ ਨੂੰ ਦਿੱਤੇ ਗਏ।

ਉਨ੍ਹਾਂ ਵਿਸ਼ਾ ਮਾਹਿਰਾਂ ਨੂੰ ਵੀ ਸਨਮਾਨਿਤ ਕੀਤਾ। ਬੋਰਡ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਸਿੱਖਿਆ ਮੰਤਰੀ ਦਾ ਧੰਨਵਾਦ ਕਰਦਿਆਂ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਨੂੰ ਜਾਰੀ ਰੱਖਣ ਅਤੇ ਸਾਇੰਸ ਓਲੰਪਿਆਡ ਸ਼ੁਰੂ ਕਰਨ ਲਈ ਬੋਰਡ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਬੋਰਡ ਦੇ ਅਕਾਦਮਿਕ ਮਿਆਰਾਂ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਦਾ ਵੀ ਵਾਅਦਾ ਕੀਤਾ। ਇਸ ਸਮਾਗਮ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ, ਪੀਏਯੂ ਦੇ ਵਿਦਿਆਰਥੀ ਭਲਾਈ ਦੇ ਡਾਇਰੈਕਟਰ ਨਿਰਮਲ ਸਿੰਘ ਜੌੜਾ ਵੀ ਹਾਜ਼ਰ ਸਨ।