ਆਖ਼ਿਰਕਾਰ ਪੰਜ਼ਾਬ ਨੂੰ ਮਿਲੀ 1 ਲੱਖ 14 ਹਜ਼ਾਰ ਕੋਰੋਨਾ ਵੈਕਸੀਨ ਡੋਜ਼ਾ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਸਰਕਾਰ ਵੱਲੋਂ 1 ਲੱਖ, 14 ਹਜ਼ਾਰ ਵੈਕਸੀਨ ਦੀ ਖ਼ੁਰਾਕ ਵੀਰਵਾਰ ਨੂੰ ਹੀ ਪਹੁੰਚ ਚੁੱਕੀ ਸੀ ਪਰ ਕੁੱਝ ਕਾਰਨਾਂ ਕਰਕੇ ਬੀਤੇ ਦਿਨ ਜ਼ਿਲ੍ਹਿਆਂ 'ਚ ਇਸ ਦੀ ਵੰਡ ਨਹੀਂ ਕੀਤੀ ਜਾ ਸਕੀ, ਜਿਸ ਕਾਰਨ ਸ਼ੁੱਕਰਵਾਰ ਨੂੰ ਬਹੁਤ ਘੱਟ ਲੋਕਾਂ ਨੂੰ ਵੈਕਸੀਨ ਲਾਈ ਗਈ। ਦੱਸਣਯੋਗ ਹੈ ਕਿ ਸੂਬੇ 'ਚ ਇਕ ਜੂਨ ਤੋਂ 18-44 ਸਾਲ ਉਮਰ ਵਰਗ ਲਈ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾਣੀ ਹੈ, ਜਿਸ ਦੇ ਲਈ ਸੂਬਾ ਸਰਕਾਰ ਨੇ ਵੈਕਸੀਨ ਦੇ 30 ਲੱਖ ਡੋਜ਼ ਦੀ ਮੰਗ ਕੀਤੀ ਹੈ।

ਵੈਕਸੀਨੇਸ਼ਨ ਦੀ ਘਾਟ ਬਾਰੇ ਵਿਰੋਧੀ ਧਿਰਾਂ ਵੱਲੋਂ ਵੀ ਸੂਬਾ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸ ਬਾਰੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਕਿਹਾ ਕਿਹਾ ਸੀ ਕਿ ਇਹ ਸਾਰੀ ਪੰਜਾਬ ਸਰਕਾਰ ਦੀ ਨਾਲਾਇਕੀ ਹੈ, ਜਿਹੜੀ ਲੋਕਾਂ ਨੂੰ ਵੈਕਸੀਨ ਉਪਲੱਬਧ ਨਹੀਂ ਕਰਵਾ ਰਹੀ। ਉਨ੍ਹਾਂ ਕਿਹਾ ਕਿ ਜਦੋਂ ਐੱਸ. ਜੀ. ਪੀ. ਸੀ. ਨੂੰ ਇਹ ਵੈਕਸੀਨ ਉਪਲੱਬਧ ਹੋ ਸਕਦੀ ਹੈ ਤਾਂ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਪਰ ਸੂਬੇ ਦੇ ਮੁੱਖ ਮੰਤਰੀ ਆਪਣੇ ਮਹਿਲ ’ਚੋਂ ਬਾਹਰ ਹੀ ਨਹੀਂ ਆ ਰਹੇ ਤਾਂ ਇਹ ਵਿਵਸਥਾ ਕਿਵੇਂ ਹੋਵੇ।

ਕੋਰੋਨਾ ਕਾਲ ਦੌਰਾਨ ਵੈਕਸੀਨੇਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕੁੱਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸੂਬਾ ਸਰਕਾਰ ਕੋਲ ਵੈਕਸੀਨ ਸਹੀਂ ਸਮੇਂ 'ਤੇ ਨਾ ਪਹੁੰਚਣ ਕਾਰਨ ਲੋਕਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ। ਸ਼ੁੱਕਰਵਾਰ ਨੂੰ ਸੂਬਾ ਸਰਕਾਰ ਵੱਲੋਂ ਵੈਕਸੀਨੇਸ਼ਨ ਦਾ ਸਟਾਕ ਬਹੁਤ ਘੱਟ ਸੀ, ਜਿਸ ਕਾਰਨ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਬਹੁਤ ਘੱਟ ਗਿਣਤੀ 'ਚ ਲੋਕਾਂ ਨੂੰ ਟੀਕੇ ਲਾਏ ਗਏ।