
ਲੁਧਿਆਣਾ (ਰਾਘਵ): ਮੁੱਲਾਂਪੁਰ ਲੁਧਿਆਣਾ ਸਰਵਿਸ ਰੋਡ 'ਤੇ ਸਥਿਤ ਗੁਰੂ ਨਾਨਕ ਇਲੈਕਟ੍ਰੋਨਿਕਸ ਦੀ ਦੁਕਾਨ ਨੂੰ 25 ਮਈ ਦੀ ਰਾਤ ਨੂੰ ਤਕਰੀਬਨ 9.30 ਵਜੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਨਾਨਕ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਮਾਲਕ ਕਮਲਪ੍ਰੀਤ ਸਿੰਘ ਅਤੇ ਕਰਮਚਾਰੀ ਆਪਣੀ ਦੁਕਾਨ ਬੰਦ ਕਰਕੇ ਗਏ ਸਨ ਅਤੇ ਕਰੀਬ 9.30 ਵਜੇ ਗਵਾਂਢੀਆਂ ਨੇ ਦੁਕਾਨ ਵਿਚੋਂ ਧੂੰਆਂ ਨਿਕਲਦਾ ਵੇਖ ਉਹਨਾਂ ਨੂੰ ਸੂਚਿਤ ਕੀਤਾ ਜਦ ਤੱਕ ਉਹ ਦੁਕਾਨ ਤੱਕ ਪੁੱਜੇ ਤਾਂ ਅੱਗ ਦੇ ਵੱਡੇ-ਵੱਡੇ ਭਾਂਬੜ ਮੱਚ ਰਹੇ ਸਨ।
ਰਾਤ ਨੂੰ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੇ ਬੜੀ ਮੁਸ਼ਕਲ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਫਿਰ ਵੀ ਰਾਤ ਕਰੀਬ 1 ਵਜੇ ਤੱਕ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਅੱਗ ਲੱਗਣ ਦੇ ਕਾਰਨ ਦੁਕਾਨ ਵਿਚ ਪਿਆ ਲੱਖਾਂ ਰੁਪਏ ਦਾ ਇਲੈਕਟ੍ਰੋਨਿਕਸ ਸਮਾਨ ਜਿਸ ਵਿਚ ਫਰਿੱਜ, ਐੱਲ.ਸੀ.ਡੀ, ਗੀਜ਼ਰ, ਮਾਈਕ੍ਰੋਵੇਵ, ਵਾਸ਼ਿੰਗ ਮਸ਼ੀਨ, ਏ.ਸੀ, ਕੂਲਰ, ਪੱਖੇ, ਓਵਨ ਆਦਿ ਸਮਾਨ ਸਮੇਤ ਫਰਨੀਚਰ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਦਾਖਾ ਪੁਲਸ ਮੌਕੇ 'ਤੇ ਪੁੱਜੀ ਅਤੇ ਅੱਗ ਬੁਝਾਉਣ ਵਿਚ ਲੋਕਾਂ ਨਾਲ ਮੱਦਦ ਵੀ ਕੀਤੀ। ਥਾਣਾ ਦਾਖਾ ਦੇ ਮੁੱਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।