Punjab: ਗੈਸ ਲੀਕ ਹੋਣ ਕਾਰਨ ਮਜਦੂਰ ਦੇ ਘਰ ’ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

by nripost

ਬਰਨਾਲਾ (ਰਾਘਵ): ਪਿੰਡ ਹਮੀਦੀ ਵਿਖੇ ਦੁਪਹਿਰ ਸਮੇਂ ਇਕ ਮਜ਼ਦੂਰ ਪਰਿਵਾਰ ਦੇ ਘਰ ਰਸੋਈ ਗੈਸ ਲੀਕ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਘਰ ’ਚ ਪਿਆ ਫਰਿਜ਼, ਇਲੈਕਟ੍ਰਾਨਿਕ ਉਪਕਰਣ ਤੇ ਹੋਰ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਪੰਚ ਜਗਜੀਤ ਸਿੰਘ ਰਾਣੂ ਨੇ ਦੱਸਿਆ ਕਿ ਜੀਤਾ ਸਿੰਘ ਪੁੱਤਰ ਪਸ਼ੌਰਾ ਸਿੰਘ ਵਾਸੀ ਹਮੀਦੀ ਦੇ ਘਰ ਕਰੀਬ ਤਿੰਨ ਵਜੇ ਦੇ ਲਗਭਗ ਰਸੋਈ ਗੈਸ ਸਿਲੰਡਰ ’ਚੋਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀਆਂ ਤੇ ਆਸਪਾਸ ਦੇ ਲੋਕਾਂ ਨੇ ਮੌਕੇ ’ਤੇ ਪੁੱਜ ਕੇ ਭਾਰੀ ਜਦੋਂ ਜਹਿਦ ਕਰ ਕੇ ਫਾਇਰ ਬ੍ਰਿਗੇਡ ਦੀ ਸਹਾਇਤਾ ਨਾਲ ਅੱਗ ’ਤੇ ਕਾਬੂ ਪਾਇਆ। ਇਸ ਅੱਗ ਨਾਲ ਮਜ਼ਦੂਰ ਪਰਿਵਾਰ ਨੂੰ ਲਗਭਗ 20 ਤੋਂ 30 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਜਰਨਲ ਸਕੱਤਰ ਬਲਵੰਤ ਰਾਏ ਸ਼ਰਮਾ ਹਮੀਦੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪੰਚ ਜਗਜੀਤ ਸਿੰਘ ਰਾਣੂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਗਰੁੱਪ ਦੇ ਆਗੂ ਜੁਗਰਾਜ ਸਿੰਘ ਰਾਣੂ, ਤਰਸੇਮ ਸਿੰਘ ਰਾਣੂ, ਸਮਾਜ ਸੇਵੀ ਡਾ. ਹਰਬੰਸ ਸਿੰਘ ਗੁਰਮਾ ਵਾਲੇ, ਬਚਿੱਤਰ ਸਿੰਘ ਰਾਣੂ, ਗੁਰਪਿਆਰ ਸਿੰਘ, ਤਰਸੇਮ ਸਿੰਘ ਸੇਮਾ, ਸੰਗਾਰਾ ਸਿੰਘ ਤੇ ਈਸ਼ਰ ਸਿੰਘ ਨੇ ਪਹੁੰਚ ਕੇ ਪਰਿਵਾਰ ਦਾ ਹੌਂਸਲਾ ਵਧਾਇਆ ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਮਜ਼ਦੂਰ ਪਰਿਵਾਰ ਨੂੰ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ ਤੁਰੰਤ ਯੋਗ ਮੁਆਵਜ਼ਾ ਦਿੱਤਾ ਜਾਵੇ।