
ਲੁਧਿਆਣਾ (ਰਾਘਵ) : ਬਸੰਤ ਐਵੇਨਿਊ ਵਿਖੇ ਫੂਡ ਸੇਫਟੀ ਵਿਭਾਗ ਵੱਲੋਂ ਸ਼ੱਕ ਦੇ ਆਧਾਰ ’ਤੇ ਇਕ ਕਾਰਖਾਨੇ ਵਿੱਚੋਂ 545 ਕਿਲੋ ਪਨੀਰ ਜ਼ਬਤ ਕੀਤਾ ਗਿਆ। ਇਹ ਪਨੀਰ ਇਕ ਦਿਨ ਪਹਿਲਾਂ ਲੁਧਿਆਣਾ ਦੇ ਬਾਹਰੋਂ ਇਥੇ ਸਪਲਾਈ ਕੀਤਾ ਗਿਆ ਸੀ ਅਤੇ ਅੱਜ ਹੈਬੋਵਾਲ ਡੇਅਰੀ ਐਸੋਸੀਏਸ਼ਨ ਦੀ ਸ਼ਿਕਾਇਤ ’ਤੇ ਵਿਭਾਗ ਨੇ ਛਾਪਾ ਮਾਰਿਆ ਹੈ। ਇਹ ਪਨੀਰ ਕਾਰਖਾਨੇ ’ਚੋਂ ਅੱਗੇ ਸ਼ਹਿਰ ’ਚ ਸਪਲਾਈ ਕੀਤਾ ਜਾਣਾ ਸੀ। ਇਸ ਦੌਰਾਨ 2 ਸੈਂਪਲ 1 ਪਨੀਰ ਅਤੇ 1 ਦਹੀਂ ਦਾ ਲੈਬ ਟੈਸਟ ਲਈ ਭਰੇ ਗਏ ਤਾਂ ਜੋ ਉਨ੍ਹਾਂ ਦੀ ਗੁਣਵੱਤਾ ਦੀ ਜਾਂਚ ਕੀਤੀ ਜਾ ਸਕੇ। ਮੁੱਢਲੀ ਜਾਂਚ ’ਚ ਪਤਾ ਲੱਗਿਆ ਕਿ ਜ਼ਬਤ ਕੀਤਾ ਗਿਆ ਪਨੀਰ ਸਿਰਫ ਇਕ ਦਿਨ ਪਹਿਲਾਂ ਲੁਧਿਆਣਾ ’ਚ ਬਾਹਰੋਂ ਆਇਆ ਸੀ, ਜਿਸ ਕਾਰਨ ਇਸ ਦੀ ਸਟੋਰੇਜ, ਟਰਾਂਸਪੋਰਟੇਸ਼ਨ ਅਤੇ ਗੁਣਵੱਤਾ ਬਾਰੇ ਜਾਂਚ ਕੀਤੀ ਜਾਵੇਗੀ।
ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਤੇ ਜ਼ਿਲਾ ਸਿਹਤ ਅਫਸਰ ਡਾ. ਅਮਰਜੀਤ ਕੌਰ ਨੇ ਕਿਹਾ ਕਿ ਲੋਕਾਂ ਦੀ ਸਿਹਤ ਸਾਡੇ ਲਈ ਸਭ ਤੋਂ ਪਹਿਲਾਂ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਸੁਰੱਖਿਅਤ ਅਤੇ ਸਾਫ਼-ਸੁਥਰਾ ਖਾਣਾ ਹੀ ਲੋਕਾਂ ਤੱਕ ਪਹੁੰਚੇ। ਜੋ ਵੀ ਵਿਅਕਤੀ ਜਾਂ ਸੰਸਥਾ ਖੁਰਾਕੀ ਪਦਾਰਥਾਂ ਦੀ ਗੁਣਵੱਤਾ ਨਾਲ ਸਮਝੌਤਾ ਕਰੇਗਾ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।