
ਮੋਗਾ (ਰਾਘਵ) : ਮੋਗਾ ਦੇ ਨਿਊ ਟਾਊਨ-8 ਇਲਾਕੇ 'ਚ ਉਸ ਸਮੇਂ ਵੱਡੀ ਘਟਨਾ ਵਾਪਰੀ, ਜਦੋਂ ਸਾਬਕਾ ਕੌਂਸਲਰ ਪੁਰਸ਼ੋਤਮ ਪੁਰੀ ਦੀ ਆਪਣੇ ਹੀ ਘਰ 'ਚ 12 ਬੋਰ ਦੀ ਰਾਈਫਲ ਨਾਲ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪੁਰਸ਼ੋਤਮ ਪੁਰੀ ਆਪਣੇ ਕਮਰੇ 'ਚ ਸੀ, ਜਿੱਥੋਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ। ਜਦੋਂ ਉਨ੍ਹਾਂ ਦੀ ਪਤਨੀ ਨੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਪੁਰਸ਼ੋਤਮ ਪੁਰੀ ਪੂਰੀ ਤਰ੍ਹਾਂ ਖ਼ੂਨ ਨਾਲ ਲੱਥਪੱਥ ਪਏ ਸਨ।
ਪਤਨੀ ਵਲੋਂ ਰੌਲਾ ਪਾਉਣ 'ਤੇ ਗੁਆਂਢੀ ਵੀ ਮੌਕੇ 'ਤੇ ਆ ਗਏ। ਇਸ ਘਟਨਾ ਕਾਰਨ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਸਿਟੀ ਸਾਊਥ ਦੇ ਇੰਚਾਰਜ ਵਰੁਣ ਅਤੇ ਸੀ. ਆਈ. ਸਟਾਫ਼ ਦੇ ਇੰਚਾਰਜ ਦਲਜੀਤ ਬਰਾੜ ਫਾਰੈਂਸਿਕ ਟੀਮ ਸਣੇ ਮੌਕੇ 'ਤੇ ਪੁੱਜੇ। ਫਿਲਹਾਲ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕਿ 12 ਬੋਰ ਦੀ ਰਾਈਫਲ ਵੀ ਜ਼ਬਤ ਕਰ ਲਈ ਹੈ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਰਖਵਾਇਆ ਗਿਆ ਹੈ।
ਨਰੋਤਮਪੁਰੀ ਦੇ ਭਰਾ ਪੁਰਸ਼ੋਤਮ ਪੁਰੀ ਬੱਸਾਂ ਦੇ ਮਾਲਕ ਸਨ ਅਤੇ ਸ਼ਹਿਰ ਦੀ ਪ੍ਰਾਈਵੇਟ ਬੱਸ ਐਸੋਸੀਏਸ਼ਨ ਦੇ ਪ੍ਰਧਾਨ ਦੇ ਤੌਰ 'ਤੇ ਜਾਣੇ ਜਾਂਦੇ ਸਨ। ਪੁਰਸ਼ੋਤਮ ਪੁਰੀ ਦਾ ਬੇਟਾ ਰੋਹਿਤ ਪੁਰੀ ਉੱਤਰ ਪ੍ਰਦੇਸ਼ 'ਚ ਜੱਜ ਹੈ। ਫਿਲਹਾਲ ਪੁਲਸ ਨੇ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਰਸ਼ੋਤਮ ਪੁਰੀ ਦੇ ਮੌਤ ਦੇ ਕਾਰਨ ਸਪੱਸ਼ਟ ਨਹੀਂ ਹੋ ਸਕੇ ਹਨ। ਅਜੇ ਇਹ ਨਹੀਂ ਦੱਸਿਆ ਜਾ ਸਕਦਾ ਹੈ ਕਿ ਇਹ ਇਕ ਹਾਦਸਾ ਹੈ ਜਾਂ ਫਿਰ ਉਨ੍ਹਾਂ ਦੀ ਮੌਤ ਪਿੱਛੇ ਕੋਈ ਹੋਰ ਕਾਰਨ ਹੈ। ਇਹ ਪੁਲਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ।