ਪੰਜਾਬ ਸਰਕਾਰ ਕੇਜਰੀਵਾਲ ਵਾਂਗ ਲੋੜਵੰਦਾਂ ਨੂੰ ਘਰ ਘਰ ਰਾਸ਼ਨ ਪਹੁੰਚਾਉਣ ਵਾਲੀ ਯੋਜਨਾ ਲਾਗੂ ਕਰੇ : ਪ੍ਰੋ. ਬਲਜਿੰਦਰ ਕੌਰ

by vikramsehajpal

ਮਾਨਸਾ (ਐਨ ਆਰ ਆਈ ਮੀਡਿਆ) : ਪੰਜਾਬ ਸਰਕਾਰ ਇਸ ਵੇਲੇ ਕਈ ਕਿਸਮ ਦੇ ਮਾਮਲਿਆਂ ’ਚ ਫਸੀ ਹੋਈ ਹੈ। ਹਾਲ ਹੀ ’ਚ ਕਰੋਨਾ ਦੀ ਵੈਕਸੀਨ ਨੂੰ ਨਿੱਜੀ ਹਸਪਤਾਲਾਂ ਨੂੰ ਦੇਣ ਤੇ ਕਾਂਗਰਸ ਬੁਰੀ ਤਰ੍ਹਾਂ ਉਲਝ ਗਈ ਹੈ। ਅਸੀਂ ਆਪਣੀ ਜਿੰਮੇਵਾਰੀ ਨੂੰ ਨਿਭਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲੋੜਵੰਦਾਂ ਨੂੰ ਘਰ ਘਰ ਮੁਫ਼ਤ ਰਾਸ਼ਨ ਦੇਣ ਦੀ ਯੋਜਨਾ ਬਣਾਈ ਹੈ, ਉਹ ਪੰਜਾਬ ’ਚ ਵੀ ਲਾਗੂ ਕੀਤੀ ਜਾਵੇ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਤੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕੀਤਾ।


ਉਹਨਾਂ ਕਿਹਾ ਕਿ ਜੇਕਰ ਘਰ ਘਰ ਮੁਫ਼ਤ ਰਾਸ਼ਨ ਦੀ ਯੋਜਨਾ ਲਾਗੂ ਹੋ ਜਾਵੇ ਤਾਂ ਲੋੜਵੰਦਾਂ ਨੂੰ ਵਧੀਆ ਸਹੂਲਤ ਮਿਲੇਗੀ। ਉਨ੍ਹਾਂ ਆਖਿਆ ਕਿ ਅੱਜ ਜਦੋਂ ਸੂਬਾ ਸਰਕਾਰ ਦਾ ਆਖਰੀ ਸਮਾਂ ਹੈ ਤੇ ਇਸ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਠੰਢੇ ਬਸਤੇ ’ਚ ਪਾ ਦਿੱਤੇ ਹਨ। ਸੂਬਾ ਸਰਕਾਰ ਨੇ ਇਸ ਵੇਲੇ ਜੋ ਨਿੱਜੀ ਹਸਪਤਾਲਾਂ ਨੂੰ ਕਰੋਨਾ ਦੀ ਵੈਕਸੀਨ ਵੇਚੀ ਹੈ ਆਪਣੇ ਆਪ ’ਚ ਸ਼ਰਮ ਵਾਲੀ ਗੱਲ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਉਲਟ ਜੇਕਰ ਕੇਜਰੀਵਾਲ ਸਰਕਾਰ ਦੀਆਂ ਲੋਕਾਂ ਨੂੰ ਸਹੂਲਤਾਂ ਦੇਣ ਵਾਲੀਆਂ ਨੀਤੀਆਂ ਨੂੰ ਕੈਪਟਨ ਸਰਕਾਰ ਅਪਣਾਏ ਤਾਂ ਇਸ ਦਾ ਸਿੱਧਾ ਲਾਭ ਲੋਕਾਂ ਨੂੰ ਪਹੁੰਚ ਸਕਦਾ ਹੈ। ਕੇਜਰੀਵਾਲ ਸਰਕਾਰ ਦੀ ਘਰ ਘਰ ਰਾਸ਼ਨ ਵੰਡ ਯੋਜਨਾ ਨਾਲ ਜਿਥੇ ਲੋੜਵੰਦਾਂ ਨੂੰ ਖਾਣਾ ਮਿਲੇਗਾ ਉਥੇ ਉਨ੍ਹਾਂ ਨੂੰ ਆਪਣਾ ਘਰ ਚਲਾਉਣ ’ਚ ਵੀ ਸੌਖ ਆਵੇਗੀ।


‘ਆਪ’ ਦੀ ਵਿਧਾਇਕਾ ਨੇ ਆਖਿਆ ਕਿ ਕੇਜਰੀਵਾਲ ਹਮੇਸ਼ਾ ਹੀ ਉਹ ਯੋਜਨਾ ਲਿਆਉਂਦੇ ਨੇ ਜਿਸ ਦਾ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ। ਇਸ ਵੇਲੇ ਇਸ ਯੋਜਨਾ ’ਚ ਵੱਡੀ ਪੱਧਰ ਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਇਸ ਯੋਜਨਾ ਨੂੰ ਇਸ ਕਰਕੇ ਰੋਕ ਦਿੱਤਾ ਹੈ, ਕਿਉਂਕਿ ਇਹ ਲੋਕਾਂ ’ਚ ਜੇ ਹਰਮਨ ਪਿਆਰੀ ਹੋ ਗਈ ਤਾਂ ਭਾਜਪਾ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ। ਇਸ ਕਰਕੇ ਉਹ ਵਾਰ ਵਾਰ ਕੇਜਰੀਵਾਲ ਸਰਕਾਰ ਦੇ ਲੋਕਾਂ ਪ੍ਰਤੀ ਕੀਤੇ ਜਾਣ ਵਾਲੇ ਕੰਮਾਂ ’ਚ ਰੁਕਾਵਟਾਂ ਪਾਉਂਦੇ ਹਨ। ਉਨ੍ਹਾਂ ਆਖਿਆ ਕਿ ਇਸ ਵੇਲੇ ਮੋਦੀ ਸਰਕਾਰ ਪਹਿਲਾਂ ਤਾਂ ਕਿਸਾਨਾਂ ਦੇ ਮਸਲੇ ਨੂੰ ਕਿਸੇ ਪਾਸੇ ਨਹੀਂ ਲਾ ਰਹੀ। ਦੇਸ ਦਾ ਅੰਨਦਾਤਾ ਲੰਬੇ ਸਮੇਂ ਤੋ ਦਿੱਲੀ ਦੀਆਂ ਬਰੂਹਾਂ ’ਤੇ ਬੈਠਾ ਹੈ ਪਰ ਇਨ੍ਹਾਂ ਦੇ ਕੰਨ ’ਤੇ ਜੂੰ ਨਹੀਂ ਸਰਕਦੀ, ਉਨ੍ਹਾਂ ਆਖਿਆ ਕਿ ਕਰੋਨਾ ਕਾਲ ਦੌਰਾਨ ਵੀ ਦਿੱਲੀ ਦੀ ਸਰਕਾਰ ਨੇ ਮਾਅਰਕੇ ਵਾਲੇ ਕੰਮ ਕੀਤੇ ਹਨ ਜੋ ਕੇਂਦਰ ਸਰਕਾਰ ਨੂੰ ਹਜ਼ਮ ਨਹੀਂ ਆਉਂਦੇ।


ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਕੇਜਰੀਵਾਲ ਸਰਕਾਰ ਨੇ ਕਈ ਉਹ ਯੋਜਨਾਵਾਂ ਲਾਗੂ ਕੀਤੀਆਂ ਹਨ ਜਿਨ੍ਹਾਂ ਦਾ ਲੋਕ ਫਾਇਦਾ ਉਠਾ ਰਹੇ ਹਨ,ਪਰ ਪੰਜਾਬ ਸਰਕਾਰ ਅਜਿਹੇ ਕਦਮ ਉਠਾਉਂਦੀ ਹੈ ਜਿਸ ਨਾਲ ਲੋਕਾਂ ਦਾ ਗਲਾ ਘੁੱਟਿਆ ਜਾ ਸਕੇ, ਇਹੋ ਕਾਰਨ ਹੈ ਕਿ ਅੱਜ ਹਰ ਫਰੰਟ ਤੇ ਅਮਰਿੰਦਰ ਸਰਕਾਰ ਫੇਲ ਹੋਈ ਹੈ। ਲੋਕ ਇਸ ਤੋਂ ਅੱਕ ਚੁੱਕੇ ਹਨ ਤੇ ਇਸ ਨੂੰ ਲਾਂਭੇ ਕਰਨ ਦਾ ਮਨ ਬਣਾ ਚੁੱਕੇ ਹਨ। ਕੈਪਟਨ ਸਰਕਾਰ ਨੇ ਲੋਕਾਂ ਦਾ ਸਾਹ ਸੌਖਾ ਕਰਨਾ ਹੈ ਤਾਂ ਇਸ ਨੂੰ ਇਸ ਵੇਲੇ ਪੰਜਾਬ ’ਚ ਕੇਜਰੀਵਾਲ ਦਾ ਦਿੱਲੀ ਮਾਡਲ ਅਪਣਾਉਣਾ ਚਾਹੀਦਾ ਹੈ ।


ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਲੋਕ ਵੈਕਸੀਨ ਦੀ ਮੰਗ ਕਰ ਰਹੇ ਹਨ, ਇਹ ਸਰਕਾਰ ਇਸ ਨੂੰ ਮੁਨਾਫੇ ਲਈ ਵੇਚ ਰਹੀ ਹੈ ਜਿਸ ਬਾਰੇ ਸੂਬਾ ਸਰਕਾਰ ਦੇ ਸਿਹਤ ਮੰਤਰੀ ਨੂੰ ਪਤਾ ਹੀ ਨਹੀਂ ਹੈ। ਸਿਹਤ ਮੰਤਰੀ ਨੂੰ ਤੁਰੰਤ ਆਪਣੀ ਜਿੰਮੇਵਾਰੀ ਤੋਂ ਕੰਮ ਲੈਦਿਆਂ ਪਾਸੇ ਹੋ ਜਾਣਾ ਚਾਹੀਦਾ ਹੈ।