ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਕਰੇਗੀ ਪ੍ਰੇਮੀ ਜੋੜਿਆਂ ਦੀ ਸੁਰੱਖਿਆ

by vikramsehajpal

ਚੰਡੀਗੜ੍ਹ,(ਦੇਵ ਇੰਦਰਜੀਤ) :10 ਮਾਰਚ ਨੰ ਇਕ ਪ੍ਰੇਮੀ ਜੋੜੇ ਦੀ ਸੁਰੱਖਿਆ ਦੀ ਮੰਗ ਦੇ ਮਾਮਲੇ 'ਚ ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪ੍ਰੇਮੀ ਜੋੜਿਆਂ ਨੂੰ ਸ਼ੈਲਟਰ ਹੋਮ, ਕਾਨੂੰਨੀ ਸਹਾਇਤਾ, ਟੈਲੀਫੋਨ ਤੇ ਇੰਟਰਨੈੱਟ ਸੰਪਰਕ ਲਈ ਹਫ਼ਤੇ ਦੇ ਸੱਤੇ ਦਿਨ ਹੈਲਪ ਡੈਸਕ ਸਥਾਪਤ ਕਰਨ ਬਾਰੇ ਕਿਹਾ ਸੀ ਤਾਂ ਕਿ ਅਦਾਲਤ ਉਤੇ ਕੰਮ ਦੇ ਬੋਝ ਘਟ ਸਕੇ। ਹਾਈਕੋਰਟ ਨੇ ਦੋਵਾਂ ਸੂਬਿਆਂ ਦੇ ਐਡਵੋਕੇਟ ਜਨਰਲ, ਚੰਡੀਗੜ੍ਹ ਸਥਾਈ ਕੌਂਸਲ ਅਤੇ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰਾਂ ਨੂੰ ਇਸ ਮੁੱਦੇ ਨਾਲ ਨਜਿੱਠਣ ਲਈ ਸਾਂਝੇ ਯਤਨ ਕਰਨ ਦੇ ਨਿਰਦੇਸ਼ ਦਿੱਤੇ ਹਨ।

ਪੰਜਾਬ-ਹਰਿਆਣਾ ਹਾਈਕੋਰਟ ਨੇ ਇਹ ਵੀ ਨਾਰਾਜ਼ਗੀ ਜਤਾਈ ਕਿ ਦੋਵਾਂ ਸੂਬਿਆਂ ਦੇ ਸਾਰੇ ਜ਼ਿਲ੍ਹਾ ਜੱਜਾਂ ਨੂੰ ਮਾਰਚ 2010 ਨੂੰ ਜਾਰੀ ਹੁਕਮਾਂ ਤਹਿਤ ਵੀ ਪ੍ਰੇਮੀ ਜੋੜਿਆਂ ਨੂੰ ਸੁਰੱਖਿਆ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ ਇਨ੍ਹਾਂ ਪ੍ਰੇਮੀ ਜੋੜਿਆਂ ਨੂੰ ਖ਼ਤਰੇ ਦੇ ਬਾਵਜੂਦ ਹਾਈਕੋਰਟ ਆਉਣਾ ਪੈਂਦਾ ਹੈ ਜੋ ਖਤਰੇ ਤੋਂ ਖਾਲੀ ਨਹੀਂ

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਸਾਰੀਆਂ ਧਿਰਾਂ ਨੇ ਹਾਈਕੋਰਟ ਨੂੰ ਦੱਸਿਆ ਕਿ ਅਦਾਲਤ ਦੇ 10 ਮਾਰਚ ਦੇ ਆਦੇਸ਼ਾਂ ਤੋਂ ਬਾਅਦ ਇਸ ਬਾਬਤ ਮੀਟਿੰਗ ਕੀਤੀ ਹੈ ਅਤੇ ਕੁਝ ਨੁਕਤਿਆਂ 'ਤੇ ਵਿਚਾਰ ਕੀਤਾ। ਏਜੰਸੀਆਂ ਨੇ ਇਸ ਬਾਬਤ ਇਕ ਪ੍ਰਣਾਲੀ ਵਿਕਸਿਤ ਕਰਨ ਲਈ ਕੁਝ ਸਮਾਂ ਮੰਗਿਆ, ਜਿਸ 'ਤੇ ਹਾਈਕੋਰਟ ਨੇ ਸਾਰੀਆਂ ਧਿਰਾਂ ਨੂੰ ਦੋ ਹਫ਼ਤਿਆਂ ਦਾ ਸਮਾਂ ਦਿੰਦਿਆਂ 23 ਅਪ੍ਰੈਲ ਤੱਕ ਸਥਿਤੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ।