Punjab: ਤਰਨ ਤਾਰਨ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ

by nripost

ਤਰਨ ਤਾਰਨ (ਰਾਘਵ): ਨਵੇਂ ਕੱਪੜੇ ਖਰੀਦਣ ਲਈ ਬਜ਼ਾਰ ਜਾ ਰਹੇ ਮੋਟਰਸਾਈਕਲ ਸਵਾਰ ਪਤੀ -ਪਤਨੀ ਨੂੰ ਤੇਜ਼ ਰਫ਼ਤਾਰ ਟਰੱਕ ਨੇ ਦਰੜ ਦਿੱਤਾ। ਜਿਸ ਕਾਰਨ ਪਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂਕਿ ਪਤਨੀ ਨੂੰ ਜ਼ਖ਼ਮੀ ਹਾਲਤ ਵਿਚ ਪੱਟੀ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਥਾਣਾ ਸਦਰ ਪੱਟੀ ਵਿਖੇ ਟਰੱਕ ਚਾਲਕ ਵਿਰੁੱਧ ਕੇਸ ਦਰਜ ਕਰਕੇ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ।

ਰਾਣਾ ਮਸੀਹ ਪੁੱਤਰ ਗੁਲਾਮ ਮਸੀਹ ਵਾਸੀ ਘਰਿਆਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਭਰਾ ਸਵਰਨ ਸਿੰਘ (45) ਤੇ ਭਰਜਾਈ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰਿਆਲਾ ਦੇ ਬਜ਼ਾਰ ਵਿੱਚੋਂ ਨਵੇਂ ਕੱਪੜੇ ਖਰੀਦਣ ਲਈ ਜਾ ਰਹੇ ਸੀ। ਇਸੇ ਦੌਰਾਨ ਬਜ਼ਾਰ ਵਾਲੇ ਪਾਸੇ ਤੋਂ ਟਰੱਕ ਪੀਬੀ03 ਏਜੇ 6863 ਤੇਜ਼ ਰਫ਼ਤਾਰ ਨਾਲ ਆਇਆ ਅਤੇ ਉਸਦੇ ਭਰਾ ਭਰਜਾਈ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਦੌਰਾਨ ਉਸਦੇ ਭਰਾ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਜਦੋਂਕਿ ਭਰਜਾਈ ਨੂੰ ਪੱਟੀ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਕਮਲਜੀਤ ਸਿੰਘ ਨੇ ਦੱਸਿਆ ਕਿ ਰਾਣਾ ਮਸੀਹ ਦੀ ਸ਼ਿਕਾਇਤ ’ਤੇ ਟਰੱਕ ਚਾਲਕ ਸਤਨਾਮ ਸਿੰਘ ਪੁੱਤਰ ਤੋਤਾ ਸਿੰਘ ਵਾਸੀ ਢਿਲਵਾ ਖੁਰਦ ਜ਼ਿਲ੍ਹਾ ਫਰੀਦਕੋਟ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਟਰੱਕ ਵੀ ਕਬਜ਼ੇ ’ਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।