
ਕਪੂਰਥਲਾ (ਰਾਘਵ): ਕਪੂਰਥਲਾ ਦੇ ਸਿਵਲ ਹਸਤਪਾਲ ਵਿਚ ਐਮਰਜੈਂਸੀ ਵਾਰਡ ਵਿਚ ਦੋ ਧਿਰਾਂ ਆਪਸ ਵਿਚ ਭਿੜ ਗਈਆਂ। ਮਿਲੀ ਜਾਣਕਾਰੀ ਮੁਤਾਬਕ ਨਾਮਦੇਵ ਕਾਲੋਨੀ ਵਿਖੇ ਘਰੇਲੂ ਝਗੜੇ ਦੌਰਾਨ ਦੋ ਔਰਤਾਂ ਜ਼ਖ਼ਮੀ ਹੋ ਗਈਆਂ ਸਨ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿਚ ਲੈ ਕੇ ਆਏ ਸਨ, ਜੋਕਿ ਮੁੜ ਐਮਰਜੈਂਸੀ ਵਾਰਡ ਵਿਚ ਆਪਸ ਵਿਚ ਭਿੜ ਪਈਆਂ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਤਾਇਨਾਤ ਡਿਊਟੀ ਡਾ. ਅਸ਼ੀਸ਼ਪਾਲ ਸਿੰਘ ਨੇ ਦੱਸਿਆ ਕਿ ਕੰਤੀ ਪਤਨੀ ਪੰਮਾ ਅਤੇ ਕਾਜਲ ਪਤਨੀ ਵਿੱਕੀ ਵਾਸੀਆਨ ਨਾਮਦੇਵ ਕਲੋਨੀ ਜੋ ਆਪਸ ਵਿਚ ਰਿਸ਼ਤੇਦਾਰ ਹਨ। ਲੜਾਈ-ਝਗੜੇ ਦੌਰਾਨ ਜ਼ਖ਼ਮੀ ਹੋਣ ਉਪਰੰਤ ਇਲਾਜ ਕਰਵਾਉਣ ਆਏ ਸਨ ਤਾਂ ਅਚਾਨਕ ਆਪਸ ਵਿਚ ਲੜਣ ਲੱਗ ਪਈਆਂ, ਜਿਸ 'ਤੇ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ 'ਤੇ ਪੀ. ਸੀ. ਆਰ. ਟੀਮ ਦੇ ਏ. ਐੱਸ. ਆਈ. ਰਣਜੀਤ ਸਿੰਘ, ਹਰਮੇਸ਼ ਸਿੰਘ, ਸਤਨਾਮ ਸਿੰਘ, ਹਰਵਿੰਦਰ ਸਿੰਘ, ਕਮਲਜੀਤ ਸਿੰਘ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਮਾਹੌਲ ਨੂੰ ਸ਼ਾਂਤ ਕਰਵਾਇਆ ਅਤੇ ਥਾਣਾ ਸਿਟੀ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਬਲਦੇਵ ਸਿੰਘ ਨੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਕੇ ਥਾਣਾ ਸਿਟੀ ਪੁਲਸ ਲੈ ਗਏ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਡਿਊਟੀ ਡਾ. ਅਸ਼ੀਸ਼ਪਾਲ ਨੇ ਕਿਹਾ ਕਿ ਐਮਰਜੈਂਸੀ ਵਾਰਡ ਵਿਚ ਕੋਈ ਵੀ ਸਕਿਓਰਿਟੀ ਗਾਰਡ ਨਾ ਹੋਣ ਕਾਰਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।