Punjab: ਸਰਕਾਰੀ ਬੱਸਾਂ ‘ਚ ਸਫਰ ਕਰਨ ਵਾਲਿਆਂ ਲਈ ਅਹਿਮ ਖ਼ਬਰ

by nripost

ਰੂਪਨਗਰ (ਰਾਘਵ): ਪੰਜਾਬ ਰੋਡਵੇਜ਼, ਪਨਬਸ, ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪੂਰੇ ਪੰਜਾਬ ਦੇ 27 ਡਿੱਪੂਆਂ ’ਚ ਗੇਟ ਰੈਲੀਆ ਕੀਤੀਆ ਗਈਆਂ ਰੂਪਨਗਰ ਡਿੱਪੂ ਦੇ ਗੇਟ ’ਤੇ ਵੀ ਭਰਵੀਂ ਗੇਟ ਰੈਲੀ ਕੀਤੀ ਗਈ। ਸੂਬਾ ਮੀਤ ਪ੍ਰਧਾਨ ਸੁਖਜੀਤ ਸਿੰਘ ਅਤੇ ਡੀਪੂ ਪ੍ਰਧਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਸਰਕਾਰ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾ ਨੂੰ ਤਿੰਨ ਸਾਲਾਂ ਤੋਂ ਨਜ਼ਰ-ਅੰਦਾਜ਼ ਕਰਦੀ ਆ ਰਹੀ ਹੈ ਤਿੰਨ ਸਾਲ ਤੋਂ ਟਰਾਂਸਪੋਰਟ ਦੇ ਮੁਲਾਜ਼ਮਾਂ ਨੂੰ ਵੱਖਰੀ ਪਾਲਸੀ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਹਰ ਵਾਰ ਮੀਟਿੰਗ ’ਚ ਸਿਰਫ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਟਰਾਂਸਪੋਰਟ ਦੇ ਮੁਲਾਜ਼ਮਾਂ ਨੂੰ ਜਲਦੀ ਪੱਕਾ ਤੇ ਠੇਕੇਦਾਰੀ ਸਿਸਟਮ ਨੂੰ ਬੰਦ ਨਾ ਕੀਤਾ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਨਹੀਂ ਕੀਤੀ ਤਾਂ ਆਉਣ ਵਾਲੀ 9, 10, 11 ਜੁਲਾਈ ਨੂੰ ਪੂਰਨ ਤੌਰ ’ਤੇ ਚੱਕਾ ਜਾਮ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਮੁਲਾਜ਼ਮਾਂ ਦੇ ਕਰੋੜਾਂ ਰੁਪਏ ਦੀ ਲੁੱਟ ਕੀਤੀ ਗਈ ਹੈ, ਮੁਲਾਜ਼ਮਾਂ ਦੀਆਂ ਸਕਿਓਰਟੀਆਂ ਲੈ ਕੇ ਠੇਕੇਦਾਰ ਭੱਜ ਗਿਆ ਹੈ, ਹੁਣ ਤੱਕ ਕੱਚੇ ਮੁਲਾਜ਼ਮਾਂ ਦੀ ਪਾਲਿਸੀ ਨੂੰ ਲੰਮਕਾਉਣ ’ਚ ਸਟੇਟ ਟਰਾਂਸਪੋਰਟ ਮੁੱਖ ਦਫਤਰ ਦੇ ਅਧਿਕਾਰੀ ਦੀ ਸਭ ਤੋਂ ਵੱਡੀ ਦੇਣ ਹੈ ਕਿਉਂਕਿ ਜੇਕਰ ਠੇਕੇਦਾਰੀ ਸਿਸਟਮ ਖਤਮ ਹੁੰਦਾ ਤਾਂ ਸਿੱਧੇ ਤੌਰ ’ਤੇ ਕਹਿ ਸਕਦੇ ਹਾਂ ਕਿ ਜੋ ਠੇਕੇਦਾਰ ਰਾਹੀਂ ਚੋਰ ਮੋਰੀਆਂ ਹਨ ਉਹ ਬੰਦ ਹੋ ਜਾਣਗੀਆ, ਮੁਲਾਜ਼ਮਾਂ ਦਾ ਸ਼ੋਸ਼ਣ ਬੰਦ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਕੰਟਰੈਕਟ ਦੇ ਮੁਲਾਜ਼ਮਾਂ ਨੂੰ ਬਹਾਲ ਕਰਨ ਲਈ ਟਾਲਮਟੋਲ ਕੀਤਾ ਜਾ ਰਿਹਾ ਹੈ, ਜਿਸ ਦੇ ਰੋਸ ਵਜੋਂ 30 ਜੂਨ ਨੂੰ ਸਟੇਟ ਟਰਾਂਸਪੋਰਟ ਡਾਇਰੈਕਟਰ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਤੇ ਅਧਿਕਾਰੀ ਦੀ ਪੋਲ ਖੋਲ੍ਹੀ ਜਾਵੇਗੀ। ਉਨ੍ਹਾਂ ਕਿਹਾ ਠੇਕੇਦਾਰ ਵੱਲੋਂ ਤਨਖਾਹਾਂ ’ਚੋਂ ਨਾਜਾਇਜ਼ ਕਟੌਤੀਆਂ ਕਰਨ ਦੇ ਬਾਵਜੂਦ ਵੀ ਠੇਕੇਦਾਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੰਥੇਬੰਦੀ ਦੀਆਂ 100 ਤੋਂ ਵੀ ਵੱਧ ਮੀਟਿੰਗਾਂ ਹੋ ਗਈਆਂ ਹਨ ਪਰ ਸਰਕਾਰ ਅਤੇ ਮਨੇਜਮੈਂਟ ਵੱਲੋਂ ਹਰ ਵਾਰੀ ਮੁੱਦੇ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਟਰਾਂਸਪੋਰਟ ਦੇ ਮੁਲਾਜ਼ਮਾਂ ਨੂੰ ਜਲਦੀ ਪੱਕਾ ਤੇ ਠੇਕੇਦਾਰੀ ਸਿਸਟਮ ਨੂੰ ਬੰਦ ਨਾ ਕੀਤਾ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਨਹੀਂ ਕੀਤੀ ਤਾਂ ਆਉਣ ਵਾਲੀ 9, 10, 11 ਜੁਲਾਈ ਨੂੰ ਪੂਰਨ ਤੌਰ ’ਤੇ ਚੱਕਾ ਜਾਮ ਕੀਤਾ ਜਾਵੇਗਾ।