
ਚੰਡੀਗੜ੍ਹ (ਰਾਘਵ): ਪੰਜਾਬ 'ਚ ਸਰਕਾਰੀ ਬੱਸਾਂ ਦਾ ਮੁਫ਼ਤ ਸਫ਼ਰ ਕਰਨ ਵਾਲੇ ਲੋਕਾਂ ਖ਼ਾਸ ਕਰਕੇ ਆਧਾਰ ਕਾਰਡ ਵਾਲੀਆਂ ਬੀਬੀਆਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ ਆਉਣ ਵਾਲੀ 9 ਜੁਲਾਈ ਨੂੰ ਟਰਾਂਸਪੋਰਟ ਖੇਤਰ 'ਚ ਕੰਮ ਕਰਦੀਆਂ ਯੂਨੀਅਨਾਂ ਵਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਇਸ ਕਾਰਨ ਲੋਕਾਂ ਨੂੰ ਇਸ ਤਾਰੀਖ਼ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਕੇਂਦਰੀ ਟਰੇਡ ਯੂਨੀਅਨਾਂ ਅਤੇ ਕਿੱਤਾਵਾਰ ਸਰਵ ਭਾਰਤੀ ਕਰਮਚਾਰੀ ਫੈੱਡਰੇਸ਼ਨਾਂ ਦੇ ਸੱਦੇ 'ਤੇ ਟਰਾਂਸਪੋਰਟ ਖੇਤਰ 'ਚ ਕੰਮ ਕਰਦੀਆਂ ਯੂਨੀਅਨਾਂ ਵਲੋਂ 9 ਜੁਲਾਈ ਨੂੰ ਕੀਤੀ ਜਾਣ ਵਾਲੀ ਹੜਤਾਲ 'ਚ ਹਿੱਸਾ ਲਿਆ ਜਾਣਾ ਹੈ।
ਇਸ ਹੜਤਾਲ ਦੌਰਾਨ ਟਰਾਂਸਪੋਰਟ ਸੈਕਟਰ ਅਤੇ ਟਰਾਂਸਪੋਰਟ ਕਾਮਿਆਂ ਦੀ ਲਗਾਤਾਰ ਵਿਗੜਦੀ ਹਾਲਤ, ਟੈਕਸਾਂ 'ਚ ਵਾਧਾ, ਟਰਾਂਸਪੋਰਟ ਸੈਕਟਰ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ, ਸੜਕਾਂ ਦੀ ਵਿਗੜਦੀ ਹਾਲਤ, ਕਿਰਤ-ਕਾਨੂੰਨਾਂ 'ਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਜੋ ਕਿ ਮਜ਼ਦੂਰਾਂ ਲਈ ਨੁਕਸਾਨਦੇਹ ਹਨ, ਦੇ ਮੱਦੇਨਜ਼ਰ ਮਜ਼ਦੂਰ ਲਹਿਰ ਨੂੰ ਇੱਕਜੁੱਟ ਹੋ ਕੇ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ ਹੈ।