ਐਵੇਂ ਨ੍ਹੀਂ ਪੰਜਾਬ ਨੂੰ ਕਹਿੰਦੇ “ਗੈਂਗਲੈਂਡ”; ਇਥੇ ਪੁਲਿਸ ਨਾਲੋਂ ਜ਼ਿਆਦਾ ਲੋਕਾਂ ਕੋਲ ਨੇ ਹਥਿਆਰ

by jaskamal

ਨਿਊਜ਼ ਡੈਸਕ (ਜਸਕਮਲ) : ਜਿਵੇਂ ਹੀ ਚੋਣਾਂ ਦਾ ਐਲਾਨ ਹੁੰਦਾ ਹੈ ਤਾਂ ਲਾਈਸੈਂਸੀ ਹਥਿਆਰ ਪੁਲਿਸ ਥਾਣਿਆਂ ਵਿਚ ਜਮ੍ਹਾਂ ਕਰਵਾਏ ਜਾਂਦੇ ਹਨ। ਪੰਜਾਬ ਵਿਚ ਵੀ ਚੋਣਾਂ ਦੇ ਮੱਦੇਨਜ਼ਰ ਜਦੋਂ ਲੋਕਾਂ ਵੱਲੋਂ ਥਾਣਿਆਂ 'ਚ ਜਮ੍ਹਾਂ ਕਰਵਾਏ ਇਨ੍ਹਾਂ ਹਥਿਆਰਾਂ ਦੀ ਗਿਣਤੀ ਹੋਈ ਤਾਂ ਇਹ ਗਿਣਤੀ ਵੇਖ ਚੋਣ ਕਮਿਸ਼ਨਰ ਵੀ ਹੱਕਾ-ਬੱਕਾ ਰਹਿ ਗਿਆ।

ਇਸ ਵਾਰ ਪੰਜਾਬੀਆਂ ਵੱਲੋਂ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਜਮ੍ਹਾਂ ਕਰਵਾਏ ਲਾਈਸੈਂਸੀ ਹਥਿਆਰਾਂ ਦੀ ਗਿਣਤੀ 3 ਲੱਖ 90 ਹਜ਼ਾਰ ਤੇ 275 ਦੇ ਕਰੀਬ ਹੈ। ਇੰਨੇ ਲਾਈਸੈਂਸੀ ਹਥਿਆਰ ਪੰਜਾਬੀਆਂ ਦੇ ਘਰਾਂ ਵਿਚ ਹਨ, ਜੋ ਕਿ ਪੰਜਾਬ ਪੁਲਿਸ ਦੇ ਹਥਿਆਰਾਂ ਨਾਲੋਂ ਵੀ ਦੁੱਗਣੇ ਹਨ। ਪੰਜਾਬ ਪੁਲਿਸ ਦੇ ਕਰੀਬ 82 ਹਜ਼ਾਰ ਮੁਲਾਜ਼ਮਾਂ ਕੋਲ ਮਹਿਜ਼ ਸਵਾ ਲੱਖ ਹੀ ਹਥਿਆਰ ਹਨ। ਲੋਕਾਂ ਕੋਲ ਪੁਲਿਸ ਨਾਲੋਂ ਵੀ ਜ਼ਿਆਦਾ ਆਧੁਨਿਕ ਤੇ ਆਟੋਮੈਟਿਕ ਹਥਿਆਰ ਪੰਜਾਬੀਆਂ ਦੇ ਘਰਾਂ ਵਿਚ ਹਨ।

ਇਸੇ ਗਿਣਤੀ ਦੇ ਤਹਿਤ ਹਰ 18ਵੇਂ ਪੰਜਾਬੀ ਦੇ ਘਰ ਵਿਚ ਹਥਿਆਰ ਮੌਜੂਦ ਹੈ। ਦੱਸਣਾ ਬਣਦਾ ਹੈ ਕਿ ਇਹ ਗਿਣਤੀ ਹਾਲੇ ਸਿਰਫ ਲਾਈਸੈਂਸੀ ਹਥਿਆਰਾਂ ਦੀ ਹੈ, ਜੋ ਨਾਜਾਇਜ਼ ਹਥਿਆਰ ਹਨ ਉਨ੍ਹਾਂ ਦੀ ਗਿਣਤੀ ਹਾਲੇ ਵੱਖ ਹੈ, ਜੋ ਕਈ ਬਦਮਾਸ਼ ਆਪਣੇ ਕੋਲ ਰੱਖਦੇ ਹਨ।

ਦੱਸ ਦਈਏ ਕਿ ਪੂਰੇ ਦੇਸ਼ ਭਰ ਦੇ ਵਿਚੋਂ ਲਾਈਸੈਂਸੀ ਹਥਿਆਰ ਰੱਖਣ ਦੇ ਵਿਚ ਪੰਜਾਬ ਦੂਜਾ ਸੂਬਾ ਹੈ। ਪਹਿਲੇ ਨੰਬਰ 'ਤੇ ਉੱਤਰ ਪ੍ਰਦੇਸ਼ ਜਿਥੇ ਲੋਕਾਂ ਕੋਲ 12 ਲੱਖ ਤੋਂ ਜ਼ਿਆਦਾ ਲਾਈਸੈਂਸੀ ਹਥਿਆਰ ਹਨ। ਤੀਸਰੇ ਨੰਬਰ 'ਤੇ ਮੱਧ ਪ੍ਰਦੇਸ਼ ਜਿਥੇ ਲੋਕਾਂ ਕੋਲ 2.75 ਲੱਖ ਤੋਂ ਵੱਧ ਲਾਈਸੈਂਸੀ ਹਥਿਆਰ ਮੌਜੂਦ ਹਨ। ਜੇਕਰ ਗੱਲ ਕਰੀਏ ਨਾਜਾਇਜ਼ ਹਥਿਆਰਾਂ ਦੀ ਤਾਂ ਪੂਰੇ ਦੇਸ਼ ਭਰ ਦੇ ਵਿਚੋਂ ਪੰਜਾਬ ਦਾ ਚੌਥਾ ਨੰਬਰ ਹੈ। ਪਹਿਲੇ ਨੰਬਰ 'ਤੇ ਫਿਰ ਉੱਤਰ ਪ੍ਰਦੇਸ਼ ਦੂਜੇ ਉਤੇ ਮੱਧ ਪ੍ਰਦੇਸ਼ ਤੇ ਤੀਸਰੇ 'ਤੇ ਬਿਹਾਰ ਹੈ। ਇਸ ਗਿਣਤੀ ਨੇ ਚੋਣ ਕਮਿਸ਼ਨ ਨੂੰ ਵੀ ਹੈਰਾਨ ਕਰ ਕੇ ਰੱਖ ਦਿੱਤਾ ਹੈ ਕਿ ਪੰਜਾਬ ਪੁਲਿਸ ਦੇ ਨਾਲੋਂ ਦੁੱਗਣੇ ਹਥਿਆਰ ਪੰਜਾਬ ਦੇ ਲੋਕਾਂ ਕੋਲ ਹਨ।