ਬਠਿੰਡਾ (ਰਾਘਵ) : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਖਿਲਾਫ ਜੰਗ ਦੇ ਹਿੱਸੇ ਵਜੋਂ ਪੁਲਸ ਅਤੇ ਸਿਵਲ ਪ੍ਰਸ਼ਾਸਨ ਨੇ ਐਤਵਾਰ ਨੂੰ ਫਿਰ ਤੋਂ ਧੋਬੀਆਣਾ ਬਸਤੀ 'ਚ ਸਥਿਤ ਦੋ ਨਸ਼ਾ ਤਸਕਰਾਂ ਦੇ ਨਾਜਾਇਜ਼ ਤੌਰ 'ਤੇ ਬਣੇ ਮਕਾਨਾਂ 'ਤੇ ਬੁਲਡੋਜ਼ ਚਲਾਇਆ। ਇਨ੍ਹਾਂ ਵਿੱਚੋਂ ਇੱਕ ਮਕਾਨ ਮਨਜੀਤ ਕੌਰ ਦਾ ਸੀ ਜਿਸ ਨੂੰ ਪਹਿਲਾਂ ਹੀ ਸੀਲ ਕਰ ਦਿੱਤਾ ਗਿਆ ਸੀ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਨਜੀਤ ਕੌਰ ਖ਼ਿਲਾਫ਼ ਨਸ਼ਾ ਵੇਚਣ ਦੇ 10 ਕੇਸ ਦਰਜ ਹਨ ਅਤੇ ਉਹ ਹਾਲੇ ਵੀ ਨਸ਼ੇ ਦੇ ਇੱਕ ਕੇਸ ਵਿੱਚ ਜੇਲ੍ਹ ਵਿੱਚ ਹੈ। ਇਸ ਦੇ ਨਾਲ ਹੀ ਮਨਜੀਤ ਕੌਰ ਦੇ ਇੱਕ ਗੁਆਂਢੀ ਖ਼ਿਲਾਫ਼ ਵੀ ਨਸ਼ੇ ਸਬੰਧੀ ਪੁਲੀਸ ਕੇਸ ਦਰਜ ਕੀਤਾ ਗਿਆ ਹੈ, ਜਿਸ ਕਾਰਨ ਉਸ ਦੇ ਘਰ ’ਤੇ ਵੀ ਬੁਲਡੋਜ਼ਰ ਚਲਾ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਵੱਲੋਂ ਉਪਰੋਕਤ ਦੋਵਾਂ ਮਕਾਨਾਂ ਦੇ ਮਾਲਕਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਹਨ। ਬਾਅਦ ਵਿੱਚ ਨਿਯਮਾਂ ਅਨੁਸਾਰ ਉਪਰੋਕਤ ਕਾਰਵਾਈ ਕੀਤੀ ਜਾ ਰਹੀ ਹੈ। ਮੌਕੇ 'ਤੇ ਪਹੁੰਚੇ ਐੱਸ.ਪੀ. (ਡੀ) ਜਸਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਹਫ਼ਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਦੋ ਮੁਲਜ਼ਮਾਂ ਦੇ ਘਰ ਵੀ ਢਾਹ ਦਿੱਤੇ ਗਏ ਸਨ ਜਦਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਨਸ਼ਾ ਤਸਕਰਾਂ ਖ਼ਿਲਾਫ਼ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ।

