
ਚੰਡੀਗੜ੍ਹ (ਰਾਘਵ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ 11ਵੀਂ ਅਤੇ 12ਵੀਂ ਜਮਾਤ ਤੋਂ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਸਿਖਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ ਕਿਉਂਕਿ ਹੁਣ ਆਉਣ ਵਾਲਾ ਸਮਾਂ ਏ. ਆਈ. ਦਾ ਹੈ। ਮੁੱਖ ਮੰਤਰੀ ਬੀਤੇ ਦਿਨ ਜੇ. ਈ. ਈ. ਐਡਵਾਂਸ 2025 ਪਾਸ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਲਈ ਕਰਵਾਏ ਸਮਾਗਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ’ਤੇ ਉਨ੍ਹਾਂ ਨੇ ਜੇ. ਈ. ਈ. ਐਡਵਾਂਸ 2025 ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ। ਸਰਕਾਰੀ ਸਕੂਲਾਂ ਦੇ ਜੇ. ਈ. ਈ. ਐਡਵਾਂਸਡ ਪ੍ਰੀਖਿਆ ਪਾਸ ਕਰਨ ਵਾਲੇ 44 ਵਿਦਿਆਰਥੀਆਂ ਦੇ ਸਨਮਾਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ’ਚ ਸਫ਼ਲ ਹੋਣ ਲਈ ਇਕ ਅਨੋਖਾ ਜਜ਼ਬਾ ਹੈ। 'ਸਿੱਖਿਆ ਕ੍ਰਾਂਤੀ' ਨੇ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰਨ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਹੈ। ਸੂਬੇ ਦੇ ਵਿਦਿਆਰਥੀ ਹੁਣ ਆਏ ਦਿਨ ਸਫ਼ਲਤਾ ਦੀਆਂ ਨਵੀਆਂ ਕਹਾਣੀਆਂ ਲਿਖਦਿਆਂ ਸੂਬੇ ਦਾ ਨਾਂ ਰੌਸ਼ਨ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ 'ਸਿੱਖਿਆ ਕ੍ਰਾਂਤੀ' ਦਾ ਮੁੱਖ ਮਕਸਦ ਪੰਜਾਬ ਨੂੰ ਸਿੱਖਿਆ ਖੇਤਰ ’ਚ ਮੋਹਰੀ ਬਣਾਉਣਾ ਹੈ। ਉਨ੍ਹਾਂ ਇਸ ਗੱਲ ’ਤੇ ਬਹੁਤ ਮਾਣ ਅਤੇ ਤਸੱਲੀ ਪ੍ਰਗਟ ਕੀਤੀ ਕਿ ਇਸ ਪਹਿਲਕਦਮੀ ਦੇ ਸ਼ਾਨਦਾਰ ਨਤੀਜੇ ਆ ਰਹੇ ਹਨ ਅਤੇ ਸੂਬੇ ਦੇ ਵਿਦਿਆਰਥੀ ਵੱਖ-ਵੱਖ ਖੇਤਰਾਂ ’ਚ ਆਪਣੀ ਕਾਬਲੀਅਤ ਦਾ ਸਬੂਤ ਦੇ ਰਹੇ ਹਨ। ਮਾਨ ਨੇ ਭਰੋਸਾ ਦਿੱਤਾ ਕਿ ਪੰਜਾਬ ਨੌਜਵਾਨਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿੱਦਿਅਕ ਸੁਧਾਰਾਂ ਨੂੰ ਲਾਗੂ ਕਰਨਾ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਇਕ ਤਕਨੀਕੀ ਹੱਬ ਬਣਨ ਦੇ ਰਾਹ ’ਤੇ ਹੈ। ਉਹ ਦਿਨ ਦੂਰ ਨਹੀਂ, ਜਦੋਂ ਉੱਚ-ਪੱਧਰੀ ਤਕਨਾਲੋਜੀ ਕੰਪਨੀਆਂ ਪੰਜਾਬ ਦੇ ਨੌਜਵਾਨਾਂ ਨੂੰ ਭਰਤੀ ਕਰਨ ਲਈ ਕਤਾਰ ’ਚ ਲੱਗਣਗੀਆਂ। ਇਹ ਤਬਦੀਲੀ ਪੰਜਾਬ ਨੂੰ ਨਵੀਨਤਾ, ਤਕਨੀਕੀ ਤਰੱਕੀ ਅਤੇ ਆਰਥਿਕ ਵਿਕਾਸ ਦੇ ਕੇਂਦਰ ਵਜੋਂ ਸਥਾਪਿਤ ਕਰਨ ’ਚ ਮਦਦ ਕਰੇਗੀ।
ਉਨ੍ਹਾਂ ਐਲਾਨ ਕੀਤਾ ਕਿ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸਿਖਲਾਈ ਦੇਣ ਲਈ ਪੰਜਾਬ ਭਰ ਵਿਚ 8 ਯੂ. ਪੀ. ਐੱਸ. ਸੀ. ਕੋਚਿੰਗ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ। ਹਰੇਕ ਕੇਂਦਰ ’ਚ ਇਕ ਲਾਇਬ੍ਰੇਰੀ, ਹੋਸਟਲ ਅਤੇ ਮਿਆਰੀ ਕੋਚਿੰਗ ਪ੍ਰਦਾਨ ਕਰਨ ਲਈ ਹੋਰ ਜ਼ਰੂਰੀ ਸਹੂਲਤਾਂ ਉਪਲੱਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਕੇਂਦਰ ਪੰਜਾਬ ਦੇ ਨੌਜਵਾਨਾਂ ਨੂੰ ਕੌਮੀ ਪੱਧਰ ਦੀਆਂ ਪ੍ਰੀਖਿਆਵਾਂ ’ਚ ਮੋਹਰੀ ਰੈਂਕ ਹਾਸਲ ਕਰਨ ਦੇ ਕਾਬਿਲ ਬਣਾਉਣ ਲਈ ਮਦਦ ਕਰਨਗੇ। ਵਿਦਿਆਰਥੀਆਂ ਨੂੰ ਜ਼ਮੀਨ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕਰਦਿਆਂ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਪੈਰਾਸ਼ੂਟਰ ਦੀ ਬਜਾਏ ਗਰਾਸਰੂਟਰ ਬਣਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਜੋ ਲੋਕ ਜ਼ਮੀਨ ਤੋਂ ਉੱਠਦੇ ਹਨ ਉਹ ਚੁਣੌਤੀਆਂ ਨੂੰ ਜਿੱਤਣ ਅਤੇ ਵੱਡੀਆਂ ਉਚਾਈਆਂ ’ਤੇ ਪਹੁੰਚਣ ਲਈ ਬਿਹਤਰ ਢੰਗ ਨਾਲ ਤਿਆਰ ਹੁੰਦੇ ਹਨ।
ਮੁੱਖ ਮੰਤਰੀ ਨੇ ਸਰਕਾਰ ਦੀ ਭੂਮਿਕਾ ਦੀ ਤੁਲਨਾ ਹਵਾਈ ਅੱਡੇ ਦੇ ਰਨਵੇਅ ਨਾਲ ਕੀਤੀ ਅਤੇ ਕਿਹਾ ਕਿ ਜਿਵੇਂ ਰਨਵੇਅ ਹਵਾਈ ਜਹਾਜ਼ਾਂ ਲਈ ਇਕ ਸੁਚਾਰੂ ਉਡਾਣ ਦੀ ਸਹੂਲਤ ਦਿੰਦਾ ਹੈ, ਇਸੇ ਤਰ੍ਹਾਂ ਸੂਬਾ ਸਰਕਾਰ ਸਾਡੇ ਨੌਜਵਾਨਾਂ ਨੂੰ ਆਪਣੇ ਸੁਫ਼ਨੇ ਸਾਕਾਰ ਕਰਨ ਦੇ ਯੋਗ ਬਣਾ ਰਹੀ ਹੈ। ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ।