
ਅੰਮ੍ਰਿਤਸਰ (ਰਾਘਵ): ਪੁਲਸ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਹਵੇਲੀਆਂ ਵਿਖੇ ਇਕ ਤਿੰਨ ਸਾਲ ਪਹਿਲਾਂ ਵਿਆਹੀ ਕੁੜੀ ਦੀ ਭੇਦਭਰੇ ਤਰੀਕੇ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੇ ਗਲੇ ’ਚ ਰੱਸੇ ਦੇ ਵੱਡੇ ਨਿਸ਼ਾਨ ਸਾਫ਼ ਦਿਖ ਰਹੇ ਹਨ। ਇਸ ਸਬੰਧੀ ਮ੍ਰਿਤਕ ਕੁੜੀ ਦੀ ਮਾਤਾ ਸੰਤੋ ਪਤਨੀ ਮੰਗਲ ਵਾਸੀ ਫਿਰੋਜ਼ਪੁਰ ਪਿੰਡ ਪੀਰਾਂ ਵਾਲਾ ਕੁਨਾਲ ਕਾਲੋਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਫੋਨ ਆਇਆ ਕਿ ਤੁਹਾਡੀ ਕੁੜੀ ਦੀ ਮੌਤ ਹੋ ਗਈ ਹੈ, ਜਦੋਂ ਅਸੀਂ ਪਹੁੰਚੇ ਤਾਂ ਵੇਖਿਆ ਕਿ ਸਾਡੀ ਕੁੜੀ ਸੰਜਨਾ ਜੋ ਵਿਹੜੇ ’ਚ ਮ੍ਰਿਤਕ ਪਈ ਸੀ ਦੇ ਗਲੇ ਵਿਚ ਰੱਸੇ ਦੇ ਨਿਸ਼ਾਨ ਸਾਫ ਦਿਸ ਰਹੇ ਸਨ।
ਉਨ੍ਹਾਂ ਕਿਹਾ ਕਿ ਮ੍ਰਿਤਕ ਕੁੜੀ ਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੀ ਕੁੜੀ ਨੇ ਫਾਹਾ ਲੈ ਲਿਆ ਹੈ। ਜਦੋਂ ਕਿ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਸਾਡੀ ਕੁੜੀ ਨੇ ਆਪ ਫਾਹ ਨਹੀਂ ਲਿਆ, ਸਗੋਂ ਉਸਦੇ ਸਹੁਰੇ ਪਰਿਵਾਰ ਨੇ ਜ਼ਬਰਦਸਤੀ ਫਾਹ ਦੇ ਕੇ ਮਾਰਿਆ ਹੈ। ਉਨ੍ਹਾਂ ਦੱਸਿਆ ਕਿ ਸਾਡੀ ਕੁੜੀ ਸੰਜਨਾ ਦਾ ਲਗਭਗ ਤਿੰਨ ਸਾਲ ਪਹਿਲਾਂ ਪਿੰਡ ਹਵੇਲੀਆਂ ਵਿਖੇ ਜੁਗਰਾਜ ਸਿੰਘ ਨਾਲ ਹੋਇਆ ਸੀ, ਜਿਸ ਦੇ ਅਜੇ ਤੱਕ ਕੋਈ ਵੀ ਬੱਚਾ ਪੈਦਾ ਨਹੀਂ ਹੋਇਆ, ਜਿਸ ਨੂੰ ਲੈ ਕੇ ਇਹਦੇ ਸਹੁਰਿਆਂ ਵੱਲੋਂ ਸਾਡੀ ਕੁੜੀ ਸੰਜਨਾ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਸਬੰਧੀ ਕੁੜੀ ਦੇ ਪਰਿਵਾਰ ਵੱਲੋਂ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੂੰ ਸੂਚਿਤ ਕਰਨ ’ਤੇ ਥਾਣਾ ਸਰਾਏ ਅਮਾਨਤ ਖਾਂ ਤੋਂ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਉਨ੍ਹਾਂ ਨੇ ਕੁੜੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਮੁਖੀ ਅਮਰੀਕ ਸਿੰਘ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਕੁੜੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਅਸਲੀਅਤ ਦਾ ਪਤਾ ਚੱਲੇਗਾ। ਬਾਕੀ ਕੁੜੀ ਦੇ ਪਰਿਵਾਰ ਵਾਲੇ ਜੋ ਬਿਆਨ ਦੇਣਗੇ ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।