Punjab: ਲੁਧਿਆਣਾ ’ਚ ਫੈਕਟਰੀ ਨੂੰ ਲੱਗੀ ਭਿਆਨਕ ਅੱਗ

by nripost

ਲੁਧਿਆਣਾ (ਰਾਘਵ) : ਸ਼ੇਰਪੁਰ ਖੁਰਦ ਸਰਕਾਰੀ ਪ੍ਰਾਇਮਰੀ ਸਕੂਲ ਨਾਲ ਨੱਟ ਬੋਲਟ ਬਣਾਉਣ ਵਾਲੀ ਫੈਕਟਰੀ ’ਚ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਕੁ ਜ਼ਬਰਦਸਤ ਸੀ ਕਿ ਕਾਲੇ ਧੂੰਏਂ ਦੇ ਬੱਦਲ ਦੂਰ-ਦੂਰ ਤੱਕ ਦਿਖਾਈ ਦੇ ਰਹੇ ਸਨ। ਦੱਸਿਆ ਜਾਂਦਾ ਹੈ ਕਿ ਅੱਗ ਓਸ ਸਮੇਂ ਲੱਗੀ, ਜਦੋਂ ਇਕ ਮਸ਼ੀਨ ’ਚ ਵਰਕਰ ਤੇਲ ਪਾਉਣ ਲੱਗਾ। ਅਚਾਨਕ ਅੱਗ ਲੱਗ ਗਈ, ਜੋ ਕਿ ਤੇਜ਼ੀ ਨਾਲ ਫੈਕਟਰੀ ਅੰਦਰ ਫੈਲਣੀ ਸ਼ੁਰੂ ਹੋ ਗਈ, ਜਿਸ ਕਰਨ ਫੈਕਟਰੀ ਅੰਦਰ ਕੰਮ ਕਰ ਰਹੀ ਲੇਬਰ ’ਚ ਭਾਜੜਾਂ ਪੈ ਗਈਆਂ। ਫੈਕਟਰੀ ਮਾਲਕਾਂ ਨੇ ਸਭ ਤੋਂ ਪਹਿਲਾਂ ਲੇਬਰ ਨੂੰ ਬਾਹਰ ਕੱਢਿਆ ਤੇ ਫਾਇਰ ਬ੍ਰਿਗੇਡ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ, ਜੋ ਕਿ ਕੁਝ ਹੀ ਮਿੰਟਾਂ ’ਚ ਮੌਕੇ ’ਤੇ ਪਹੁੰਚ ਗਈ ਤੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਅੱਗ ਇੰਨੀ ਕੂ ਜ਼ਬਰਦਸਤ ਸੀ ਕਿ ਕਾਲੇ ਧੂੰਏਂ ਦੇ ਬੱਦਲ ਦੂਰ-ਦੂਰ ਤੱਕ ਨਜ਼ਰ ਆ ਰਹੇ ਸਨ। ਆਲੇ-ਦੁਆਲੇ ਘਰਾਂ ’ਚ ਰਹਿਣ ਵਾਲੇ ਲੋਕ ਘਰਾਂ ਦੀਆਂ ਛੱਤਾਂ ਉੱਪਰ ਚੜ੍ਹੇ ਹੋਏ ਨਜ਼ਰ ਆਏ।

ਜਾਣਕਾਰੀ ਦਿੰਦਿਆਂ ਮਾਲਕ ਲਲਿਤ ਗੋਇਲ ਨੇ ਕਿਹਾ ਕਿ ਉਨ੍ਹਾਂ ਦੀ ਸ਼ੇਰਪੁਰ ਖੁਰਦ ਸਕੂਲ ਨਾਲ ਜੌਲੀ ਮੈਟਲ ਪ੍ਰੋਡਕਟਸ ਨੱਟ ਬੋਲਟ ਬਣਾਉਣ ਦੀ ਫੈਕਟਰੀ ਹੈ। ਅੱਜ ਸਵੇਰੇ ਜਦੋਂ ਵਰਕਰ ਇਕ ਮਸ਼ੀਨ ’ਚ ਤੇਲ ਪਾਉਣ ਲੱਗਾ ਤਾਂ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਮਸ਼ੀਨਰੀ ਤੇ ਮਾਲ ਨੂੰ ਭਾਰੀ ਨੁਕਸਾਨ ਪੁੱਜਾ ਹੈ। ਅੱਗ ਕਿਵੇਂ ਲੱਗੀ ਹਾਲੇ ਪਤਾ ਨਹੀਂ ਲੱਗਾ। ਸਾਰੀ ਲੇਬਰ ਸਹੀ-ਸਲਾਮਤ ਹੈ। ਫਾਇਰਮੈਨ ਮਨਦੀਪ ਸਿੰਘ ਨੇ ਕਿਹਾ ਜਿਉਂ ਹੀ ਅੱਗ ਲੱਗਣ ਦੀ ਸੂਚਨਾ ਮਿਲੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚ ਗਈ। ਕਰੀਬ 2 ਘੰਟਿਆਂ ਦੀ ਸਖ਼ਤ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾ ਲਿਆ ਗਿਆ।