ਫ਼ਿਰੋਜ਼ਪੁਰ (ਨੇਹਾ): ਥਾਣਾ ਘੱਲਖੁਰਦ ਦੀ ਪੁਲੀਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਬੀਤੇ ਦਿਨ ਬੱਸ ਕੰਡਕਟਰ ਨਾਲ ਝਗੜਾ ਕਰਨ, ਉਸ ਦੀ ਪੱਗ ਉਤਾਰਨ ਅਤੇ ਇੱਟਾਂ-ਪੱਥਰ ਮਾਰ ਕੇ ਬੱਸ ਨੂੰ ਨੁਕਸਾਨ ਪਹੁੰਚਾਉਣ ਵਾਲੇ ਮਾਂ-ਪੁੱਤ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਘੱਲਖੁਰਦ ਦੇ ਸਹਾਇਕ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਸ਼ਿਕਾਇਤਕਰਤਾ ਕੁਲਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਤਰਮਾਲਾ ਥਾਣਾ ਲੰਬੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਡਰਾਈਵਰ ਕੁਲਬੀਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਦੋਦਾ, ਥਾਣਾ ਕੋਟ ਭਾਈ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੋ ਕਿ ਪੀਆਰਟੀਸੀ ਦੀ ਬੱਸ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਡੱਬੇਵਾਲੀ ਜਾ ਰਿਹਾ ਸੀ, ਨੂੰ ਸੀਵਰੇਜ ਅਤੇ ਟਰੈਫਿਕ ਜਾਮ ਕਾਰਨ ਕਰੀਬ 100 ਮੀਟਰ ਦੀ ਦੂਰੀ ’ਤੇ ਮੁੱਦਕੀ ਬੱਸ ਸਟੈਂਡ ਤੋਂ ਥੋੜ੍ਹਾ ਪਿੱਛੇ ਰੋਕਣਾ ਪਿਆ।
ਪੀੜਤ (ਕੰਡਕਟਰ) ਨੇ ਦੱਸਿਆ ਕਿ ਜਦੋਂ ਉਸ ਨੇ ਕਸਬਾ ਮੁੱਦਕੀ ਦੇ ਰਾਹਗੀਰਾਂ ਨੂੰ ਜਾਮ ਕਾਰਨ ਹੇਠਾਂ ਉਤਰਨ ਲਈ ਕਿਹਾ ਤਾਂ ਮੁਲਜ਼ਮ ਰਾਣੀ ਪਤਨੀ ਚੰਦ ਸਿੰਘ ਅਤੇ ਉਸ ਦਾ ਲੜਕਾ ਜਸਵੰਤ ਸਿੰਘ ਉਸ ਨਾਲ ਬਹਿਸ ਕਰਨ ਲੱਗੇ ਅਤੇ ਇਕ ਪਾਸੇ ਮੁਲਜ਼ਮ ਨੌਜਵਾਨ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਪੱਗ ਲਾਹ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮਾਂ ਨੇ ਸੜਕ ਤੋਂ ਪੱਥਰ ਚੁੱਕ ਕੇ ਬੱਸ 'ਤੇ ਸੁੱਟਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਬੱਸ ਦਾ ਸ਼ੀਸ਼ਾ ਟੁੱਟ ਗਿਆ ਅਤੇ ਬੱਸ ਦਾ ਕਾਫੀ ਨੁਕਸਾਨ ਹੋ ਗਿਆ। ਮਾਮਲੇ ਦੀ ਜਾਂਚ ਕਰ ਰਹੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ 'ਚ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



