ਪੰਜਾਬ ਨੂੰ ਪਛਤਾਉਣ ਦੀ ਥਾਂ ਤਿਆਰੀ ਕਰਨ ਦੀ ਲੋੜ : ਨਵਜੋਤ ਸਿੱਧੂ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਵੱਲੋਂ ਬਿਜਲੀ ਸੰਕਟ 'ਤੇ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਗਈ ਹੈ। ਨਵਜੋਤ ਸਿੱਧੂ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਨੂੰ ਪਛਤਾਉਣ ਦੀ ਥਾਂ ਤਿਆਰੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨਿੱਜੀ ਥਰਮਲ ਪਲਾਂਟਾਂ ਨੇ ਘਰੇਲੂ ਖ਼ਪਤਕਾਰਾਂ ਨੂੰ ਪਰੇਸ਼ਾਨ ਕੀਤਾ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਨਵਜੋਤ ਸਿੱਧੂ ਨੇ ਕਿਹਾ ਕਿ ਨਿੱਜੀ ਥਰਮਲ ਪਲਾਂਟਾਂ ਲਈ 30 ਦਿਨਾਂ ਦਾ ਕੋਲੇ ਦਾ ਸਟਾਕ ਰੱਖਣਾ ਜ਼ਰੂਰੀ ਹੈ ਅਤੇ ਅਜਿਹਾ ਨਾ ਕਰਨ ਵਾਲੇ ਪਲਾਂਟਾਂ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਹੁਣ ਸੋਲਰ ਪਲਾਂਟਾਂ 'ਤੇ ਕੰਮ ਕਰਨ ਦਾ ਸਮਾਂ ਆ ਗਿਆ ਹੈ।

ਪੂਰੇ ਦੇਸ਼ 'ਚ ਕੋਲੇ ਦੀ ਕਮੀ ਦੇ ਚੱਲਦਿਆਂ ਪੰਜਾਬ 'ਚ ਵੀ ਬਿਜਲੀ ਸੰਕਟ ਦਾ ਖ਼ਤਰਾ ਵੱਧ ਗਿਆ ਹੈ। ਪੰਜਾਬ 'ਚ ਥਰਮਲ ਪਲਾਂਟ ਲਈ 20 ਦਿਨ ਲਈ ਕੋਲੇ ਦਾ ਸਟਾਕ ਰਾਖਵਾਂ ਰੱਖਿਆ ਜਾਂਦਾ ਹੈ ਪਰ ਸ਼ਨੀਵਾਰ ਸ਼ਾਮ ਤੱਕ ਕਈ ਪਲਾਂਟਾਂ ਕੋਲ ਮੁਸ਼ਕਿਲ ਨਾਲ 24 ਘੰਟਿਆਂ ਦਾ ਹੀ ਕੋਲਾ ਬਚਿਆ ਸੀ।

ਸਰਕਾਰੀ ਥਰਮਲ ਪਲਾਂਟ ’ਚ 4-5 ਦਿਨ ਦਾ ਸਟਾਕ ਹੀ ਬਚਿਆ ਹੈ। ਕੋਲੇ ਦੀ ਖਾਨ ਤੋਂ ਲੋਡਿੰਗ ਹੋਣ ਪਿੱਛੋਂ ਵੀ ਪੰਜਾਬ ਤੱਕ ਕੋਲਾ ਪੁੱਜਣ ’ਚ 3 ਦਿਨ ਲੱਗ ਜਾਂਦੇ ਹਨ।