ਹਾਈ ਅਲਰਟ ‘ਤੇ ਪੰਜਾਬ, ਡੀਜੀਪੀ ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਸਖ਼ਤ ਹੁਕਮ ਕੀਤੇ ਜਾਰੀ

by nripost

ਜਲੰਧਰ (ਰਾਘਵ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਵਿਸਾਖੀ ਦੇ ਤਿਉਹਾਰ ਦੇ ਮੱਦੇਨਜ਼ਰ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਸਖ਼ਤੀ ਨਾਲ ਕਾਨੂੰਨ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ) ਪੰਜਾਬ ਗੌਰਵ ਯਾਦਵ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਰਾਜ ਵਿਆਪੀ 'ਨਾਈਟ ਡੋਮੀਨੇਸ਼ਨ' ਆਪ੍ਰੇਸ਼ਨ ਦੇ ਹਿੱਸੇ ਵਜੋਂ ਜਲੰਧਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ’ਚ ਅਚਨਚੇਤ ਚੈਕਿੰਗ ਕੀਤੀ। ਦੇਰ ਰਾਤ ਕੀਤੀ ਗਈ ਇਸ ਚੈਕਿੰਗ ਦਾ ਉਦੇਸ਼ ਪੁਲਸ ਦੀ ਤਿਆਰੀ ਦਾ ਮੁਲਾਂਕਣ ਕਰਨਾ, ਅਪਰਾਧ ਵਿਰੋਧੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ ਅਤੇ ਪੁਲਿਸ-ਜਨਤਕ ਸਬੰਧਾਂ ਨੂੰ ਮਜ਼ਬੂਤ ਕਰਨਾ ਸੀ।

ਇਹ ਕਾਰਵਾਈ ਰਾਜ ਦੇ ਸਾਰੇ 28 ਪੁਲਸ ਜ਼ਿਲ੍ਹਿਆਂ ’ਚ ਰਾਤ 10 ਵਜੇ ਤੋਂ ਸਵੇਰੇ 4 ਵਜੇ ਤੱਕ ਇਕੋ ਸਮੇਂ ਚਲਾਈ ਗਈ ਅਤੇ ਪੰਜਾਬ ਪੁਲਸ ਹੈੱਡਕੁਆਰਟਰ ਦੇ ਸਪੈਸ਼ਲ ਡੀ. ਜੀ. ਪੀ./ਏ. ਡੀ. ਜੀ. ਪੀ./ਆਈ. ਜੀ. ਪੀ./ਡੀ. ਆਈ. ਜੀ. ਰੈਂਕ ਦੇ ਅਧਿਕਾਰੀਆਂ ਨੂੰ ਹਰੇਕ ਪੁਲਸ ਜ਼ਿਲ੍ਹੇ ’ਚ ਨਾਈਟ ਡੌਮੀਨੇਸ਼ਨ ਆਪਰੇਸ਼ਨ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਲਈ ਤਾਇਨਾਤ ਕੀਤਾ ਗਿਆ ਸੀ। ਇਸ ਤਰ੍ਹਾਂ ਸੀ. ਪੀਜ਼./ਐੱਸ. ਐੱਸ. ਪੀਜ਼. ਨੂੰ ਵੱਖ-ਵੱਖ ਨਾਕਿਆਂ ’ਤੇ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ, ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ’ਤੇ ਚੈਕਿੰਗ, ਰਣਨੀਤਕ ਸਥਾਨਾਂ ’ਤੇ ਤਾਇਨਾਤ ਗਸ਼ਤ ਟੀਮਾਂ ’ਤੇ ਨਜ਼ਰ ਰੱਖਣ ਆਦਿ ਦੇ ਉਦੇਸ਼ ਨਾਲ ਕੀਤੀ ਗਈ ਇਸ ਕਾਰਵਾਈ ਨੂੰ ਅੰਜਾਮ ਦੇਣ ਲਈ ਵੱਧ ਤੋਂ ਵੱਧ ਫੋਰਸ ਜੁਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਆਪਣੇ ਦੌਰੇ ਦੌਰਾਨ ਡੀ. ਜੀ. ਪੀ. ਗੌਰਵ ਯਾਦਵ ਨੇ ਵਿਸ਼ੇਸ਼ ਚੌਕੀਆਂ ਦਾ ਨਿਰੀਖਣ ਕੀਤਾ, ਨਾਕਾਬੰਦੀ ਆਪਰੇਸ਼ਨਾਂ ਦੀ ਸਮੀਖਿਆ ਕੀਤੀ ਅਤੇ ਜ਼ਮੀਨੀ ਪੁਲਸਿੰਗ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪੁਲਸ ਸਟੇਸ਼ਨਾਂ ਦਾ ਦੌਰਾ ਕੀਤਾ।

ਜਲੰਧਰ ’ਚ ਉਨ੍ਹਾਂ ਨੇ ਪੰਜਾਬ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਜ਼ (ਪੀ. ਆਈ. ਐੱਮ. ਐੱਮ) ਦੇ ਨੇੜਿਓਂ ਆਪਣੀ ਨਿਰੀਖਣ ਕਾਰਵਾਈ ਸ਼ੁਰੂ ਕਰਦਿਆਂ ਵਾਹਨਾਂ ਦੀ ਜਾਂਚ ਸਬੰਧੀ ਪ੍ਰਕਿਰਿਆਵਾਂ ਦਾ ਮੁਲਾਂਕਣ ਕਰਨ ਦੇ ਨਾਲ-ਨਾਲ ਅਧਿਕਾਰੀਆਂ ਅਤੇ ਨਾਗਰਿਕਾਂ ਨਾਲ ਗੱਲਬਾਤ ਕੀਤੀ। ਆਪਰੇਸ਼ਨਾਂ ਦੀ ਨਿੱਜੀ ਤੌਰ 'ਤੇ ਨਿਗਰਾਨੀ ਲਈ ਉਨ੍ਹਾਂ ਨੇ ਅਰਬਨ ਅਸਟੇਟ ਵਿਖੇ ਪੁਲਸ ਡਿਵੀਜ਼ਨ ਨੰਬਰ 7 ਅਤੇ ਜਲੰਧਰ ਛਾਉਣੀ ’ਚ ਦੁਸਹਿਰਾ ਗਰਾਊਂਡ ਨੇੜੇ ਚੌਂਕੀ ਦਾ ਵੀ ਦੌਰਾ ਕੀਤਾ। ਪੁਲਸ ਕਮਿਸ਼ਨਰ, ਜਲੰਧਰ ਧਨਪ੍ਰੀਤ ਕੌਰ ਦੇ ਨਾਲ ਡੀ. ਜੀ. ਪੀ. ਨੇ ਲੋਕਾਂ ਤੋਂ ਖੁਦ ਫੀਡਬੈਕ ਲਿਆ ਅਤੇ ਲੋਕਾਂ ਨੇ ਪੁਲਸ ਦੀ ਕਾਰਜਪ੍ਰਣਾਲੀ ’ਚ ਡੂੰਘਾ ਵਿਸ਼ਵਾਸ ਪ੍ਰਗਟ ਕੀਤਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੌਰਵ ਯਾਦਵ ਨੇ ਸਰਹੱਦੀ ਸੂਬੇ ਵਜੋਂ ਪੰਜਾਬ ਦੀ ਨਾਜ਼ੁਕ ਸਥਿਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਪਾਕਿਸਤਾਨ ਸਥਿਤ ਆਈ. ਐੱਸ. ਆਈ. ਵਰਗੀਆਂ ਬਾਹਰੀ ਏਜੰਸੀਆਂ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਲਗਾਤਾਰ ਯਤਨ ਕਰ ਰਹੀਆਂ ਹਨ। ਇਸ ਤੋਂ ਬਾਅਦ ਡੀ. ਜੀ. ਪੀ. ਨੇ ਨਾਈਟ ਪੁਲਸਿੰਗ ਦੀ ਨਿਗਰਾਨੀ ਲਈ ਅੰਮ੍ਰਿਤਸਰ ਦਾ ਵੀ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਵਿਸਾਖੀ ਦੇ ਤਿਉਹਾਰ ਮੌਕੇ ਸੁਚੇਤ ਰਹਿਣ ਲਈ ਕਿਹਾ। ਸੀ. ਪੀ. ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੇ ਨਾਲ ਉਨ੍ਹਾਂ ਨੇ ਪੁਲਸ ਕਰਮਚਾਰੀਆਂ ਨੂੰ ਸਮਾਜ ਵਿਰੋਧੀ ਅਨਸਰਾਂ ‘ਤੇ ਸਖ਼ਤ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ। ਨਾਈਟ ਡੌਮੀਨੇਸ਼ਨ ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਵਿਸ਼ੇਸ਼ ਡੀ. ਜੀ. ਪੀ. ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ 221 ਗਜ਼ਟਿਡ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਹੇਠ 6500 ਤੋਂ ਵੱਧ ਪੁਲਸ ਕਰਮਚਾਰੀਆਂ ਵਾਲੀਆਂ 1000 ਤੋਂ ਵੱਧ ਪੁਲਸ ਟੀਮਾਂ ਨੂੰ ਰਾਜ ਭਰ ’ਚ ਤਾਇਨਾਤ ਕੀਤਾ ਗਿਆ ਸੀ। ਰਾਜ ਭਰ ’ਚ ਸੰਵੇਦਨਸ਼ੀਲ ਅਤੇ ਰਣਨੀਤਕ ਸਥਾਨਾਂ 'ਤੇ 651 ਠੋਸ ਨਾਕੇ ਲਾਏ ਗਏ ਸਨ। ਅਪਰੇਸ਼ਨ ਦੌਰਾਨ ਪੁਲਸ ਟੀਮਾਂ ਨੇ 48 ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ 26 ਐੱਫ਼. ਆਈ. ਆਰਜ਼. ਦਰਜ ਕੀਤੀਆਂ ਹਨ। ਇਸ ਦੇ ਨਾਲ ਹੀ ਪੁਲਸ ਟੀਮਾਂ ਨੇ ਸ਼ੱਕੀ ਵਿਅਕਤੀਆਂ ਅਤੇ ਉਨ੍ਹਾਂ ਦੇ ਵੇਰਵਿਆਂ ਦੀ ਜਾਂਚ ਵੀ ਕੀਤੀ।

More News

NRI Post
..
NRI Post
..
NRI Post
..