ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਗੈਰ-ਕਾਨੂੰਨੀ ਹਥਿਆਰਾਂ ਦੇ ਜ਼ਖੀਰੇ ਸਮੇਤ ਦੋਸ਼ੀ ਗ੍ਰਿਫ਼ਤਾਰ

by nripost

ਅੰਮ੍ਰਿਤਸਰ (ਰਾਘਵ): ਇੱਕ ਖਾਸ ਸੂਚਨਾ 'ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਪਾਕਿਸਤਾਨ ਨਾਲ ਜੁੜੇ ਇੱਕ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਟਵੀਟ ਕਰ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਅੰਮ੍ਰਿਤਸਰ ਤੋਂ ਅਭਿਸ਼ੇਕ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸਦੇ ਕਬਜ਼ੇ 'ਚੋਂ 7 ਪਿਸਤੌਲ (ਜਿਸ ਵਿੱਚ .30 ਬੋਰ ਦੇ 5 ਪਿਸਤੌਲ ਅਤੇ 2 ਗਲੌਕ 9 ਐਮਐਮ ਪਿਸਤੌਲ ਸ਼ਾਮਲ ਹਨ), 4 ਜ਼ਿੰਦਾ ਕਾਰਤੂਸ (.30 ਬੋਰ) ਅਤੇ ₹1,50,000/- ਬਰਾਮਦ ਕੀਤੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਆਸਟ੍ਰੇਲੀਆ-ਅਧਾਰਤ ਜੱਸਾ ਜੋ ਪਾਕਿਸਤਾਨ ਅਧਾਰਤ ਤਸਕਰਾਂ ਨਾਲ ਮਿਲ ਕੇ ਆਪਣੇ ਸਥਾਨਕ ਸਾਥੀਆਂ ਜੋਧਬੀਰ ਸਿੰਘ ਉਰਫ ਜੋਧਾ ਅਤੇ ਅਭਿਸ਼ੇਕ ਕੁਮਾਰ ਦੀ ਮਦਦ ਨਾਲ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਗੈਰ-ਕਾਨੂੰਨੀ ਹਥਿਆਰਾਂ/ਗੋਲਾ ਬਾਰੂਦ ਦੀ ਤਸਕਰੀ ਦਾ ਪ੍ਰਬੰਧ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਅਭਿਸ਼ੇਕ ਕੁਮਾਰ ਅਤੇ ਜੋਧਬੀਰ ਸਿੰਘ ਉਰਫ਼ ਜੋਧਾ ਵੀ ਹਵਾਲਾ ਲੈਣ-ਦੇਣ ਵਿੱਚ ਸ਼ਾਮਲ ਹਨ, ਜੋ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਲੱਗੇ ਇੱਕ ਵੱਡੇ ਨੈੱਟਵਰਕ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਦਰਸਾਉਂਦਾ ਹੈ। ਜਿਨ੍ਹਾਂ ਦੀ ਐੱਸਐੱਸਓਸੀ, ਅੰਮ੍ਰਿਤਸਰ ਵਿਖੇ ਇੱਕ ਐੱਫਆਈਆਰ ਦਰਜ ਕੀਤੀ ਗਈ ਹੈ ਤੇ ਹੋਰ ਸਾਥੀਆਂ ਨੂੰ ਫੜਨ ਅਤੇ ਸਾਰੇ ਪਿਛਲੇ ਅਤੇ ਅੱਗਲੇ ਲਿੰਕਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।