ਨਸ਼ਿਆਂ ਖਿਲਾਫ ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਤੇ ਡਰੱਗ ਮਨੀ ਸਣੇ ਮੁਲਜ਼ਮ ਗ੍ਰਿਫ਼ਤਾਰ

by nripost

ਜਲੰਧਰ (ਰਾਘਵ): 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਕਮਿਸ਼ਨਰੇਟ ਪੁਲਸ ਜਲੰਧਰ ਨੇ ਸਰਹੱਦ ਪਾਰ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 5 ਕਿਲੋ ਹੈਰੋਇਨ ਅਤੇ 22,000 ਰੁਪਏ ਦੀ ਡਰੱਗ ਮਨੀ ਸਮੇਤ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸ਼ਿਵਮ ਸੋਢੀ ਉਰਫ਼ ਸ਼ਿਵਾ ਵਜੋਂ ਹੋਈ ਹੈ।

ਵੇਰਵਾ ਸਾਝਾਂ ਕਰਦੇ ਹੋਏ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਸੀ. ਆਈ. ਏ. ਸਟਾਫ਼ ਦੀ ਇਕ ਟੀਮ ਨੇ ਸ਼ਿਵਮ ਸੋਢੀ ਉਰਫ਼ ਸ਼ਿਵਾ ਪੁੱਤਰ ਵਰਿੰਦਰ ਸੋਢੀ ਵਾਸੀ ਸਿਮਰਨ ਐਨਕਲੇਵ ਨੇੜੇ ਲੰਬਾ ਪਿੰਡ ਚੌਂਕ, ਪੀ. ਐੱਸ. ਰਾਮਾਮੰਡੀ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਤੋਂ 5 ਕਿਲੋ ਹੈਰੋਇਨ ਅਤੇ 22,000 ਡਰੱਗ ਮਨੀ ਬਰਾਮਦ ਕੀਤੀ। ਦੋਸ਼ੀ ਖ਼ਿਲਾਫ਼ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 122 ਮਿਤੀ 20 ਮਈ ਅਧੀਨ ਧਾਰਾ 21C-27A-61-85 ਐੱਨ. ਡੀ. ਪੀ. ਐੱਸ. ਐਕਟ ਪੁਲਸ ਸਟੇਸ਼ਨ ਡਿਵੀਜ਼ਨ ਨੰਬਰ 8 ਜਲੰਧਰ ਵਿਖੇ ਦਰਜ ਕੀਤਾ ਗਿਆ ਹੈ। ਸੀ. ਪੀ. ਨੇ ਕਿਹਾ ਕਿ ਦੋਸ਼ੀ ਖ਼ਿਲਾਫ਼ ਪਹਿਲਾਂ ਹੀ ਤਿੰਨ ਐੱਫ਼. ਆਈ. ਆਰ. ਦਰਜ ਹਨ।