ਤਰਨਤਾਰਨ (ਪਾਇਲ): ਤਰਨਤਾਰਨ ਜ਼ਿਲਾ ਪੁਲਿਸ ਨੇ 80 ਕਰੋੜ ਰੁਪਏ ਦੀ ਹੈਰੋਇਨ ਸਮੇਤ 2 ਅੰਤਰਰਾਸ਼ਟਰੀ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਤਰਨਤਾਰਨ ਪੁਲਿਸ ਨੇ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਦਾ ਮਾਨਯੋਗ ਅਦਾਲਤ 'ਚੋਂ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਜਿਸ 'ਚ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਆਂਢੀ ਦੇਸ਼ ਪਾਕਿਸਤਾਨ ਨਾਲ ਸਬੰਧ ਰੱਖਣ ਵਾਲੇ ਦੋ ਨਸ਼ਾ ਤਸਕਰ ਨਸ਼ੇ ਦੀ ਵੱਡੀ ਖੇਪ ਲੈ ਕੇ ਇਲਾਕੇ 'ਚ ਘੁੰਮ ਰਹੇ ਹਨ। ਜਿਸ ਤੋਂ ਬਾਅਦ ਜ਼ਿਲੇ ਦੇ ਐੱਸ.ਐੱਸ.ਪੀ ਰਵਜੋਤ ਗਰੇਵਾਲ ਦੇ ਹੁਕਮਾਂ 'ਤੇ ਪੁਲਸ ਨੇ ਨਾਕਾਬੰਦੀ ਕਰ ਕੇ ਦੋਵੇਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 16 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 80 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਤਰਨਤਾਰਨ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੇ ਵਸਨੀਕ ਹਨ।


