Knowledge Sharing Agreement ਸਿਰਫ਼ ਸਮਝੌਤਾ ਨਹੀਂ, ਸਮਰਪਣ ਦੇ ਦਸਤਾਵੇਜ਼ ਹਨ : Raja warring

by jaskamal

ਨਿਊਜ਼ ਡੈਸਕ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਨੌਲੇਜ ਸ਼ੇਅਰਿੰਗ ਐਗਰੀਮੈਂਟ’ ਦੇ ਨਾਂ ’ਤੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਅੱਗੇ ਆਤਮ ਸਮਰਪਣ ਕਰਨ ਦੀ ਨਿਖੇਧੀ ਕੀਤੀ ਹੈ। ਇਥੇ ਜਾਰੀ ਇਕ ਬਿਆਨ 'ਚ ਉਨ੍ਹਾਂ ਕਿਹਾ ਕਿ ਇਹ ਸਿਰਫ ਇਕ ਸਮਝੌਤਾ ਨਹੀਂ ਹੈ, ਸਗੋਂ ਸਿੱਧੇ ਤੌਰ 'ਤੇ ਸਮਰਪਣ ਦਾ ਦਸਤਾਵੇਜ਼ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਦਿੱਲੀ ਵਰਗੇ ਅਰਧ ਸੂਬੇ ਨਾਲ ਪੂਰੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਅਜਿਹਾ ਸਮਝੌਤਾ ਕਰਨ ਦੇ ਕਾਰਨ ਉਪਰ ਸਵਾਲ ਚੁੱਕੇ ਹਨ। ਜੋ ਦਿੱਲੀ ਪੰਜਾਬ ਦੇ ਸਭ ਤੋਂ ਛੋਟੇ ਜ਼ਿਲ੍ਹੇ ਤੋਂ ਵੀ ਛੋਟਾ ਹੈ ਤੇ ਇੱਥੋਂ ਦੀ ਸਰਕਾਰ ਦਾ ਕੰਮਕਾਜ ਸਿਰਫ਼ ਲੋਕਲ ਬਾਡੀ ਤਕ ਹੀ ਸੀਮਤ ਹੈ।

ਅਜਿਹਾ ਸਮਝੌਤਾ ਕਰਨ ਪਿੱਛੇ ਮੰਤਵ ਕੇਜਰੀਵਾਲ ਵੱਲੋਂ ਮਾਨ 'ਤੇ ਦਬਾਅ ਹੈ, ਜਿਸ ਨਾਲ ਉਨ੍ਹਾਂ (ਮਾਨ) ਨੂੰ ਹੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਧਾਰਨ ਤੌਰ 'ਤੇ ਪੰਜਾਬ ਉੱਪਰ ਆਪਣਾ ਵਾਧੂ ਸੰਵਿਧਾਨਕ ਅਧਿਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸਨੂੰ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦਿੱਤਾ ਜਾਵੇਗਾ।