ਚੰਡੀਗੜ੍ਹ (ਪਾਇਲ): ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦਾ ਉਸ ਦੇ ਜੱਦੀ ਪਿੰਡ ਚਣਕੋਆ ’ਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪੋਸਟ ਮਾਰਟਮ ਤੋਂ ਬਾਅਦ ਬਲਾਚੌਰੀਆ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਲਿਆਂਦੀ ਗਈ। ਇਸ ਮੌਕੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ ਅਤੇ ਪੂਰੇ ਪਿੰਡ ਦੀਆਂ ਅੱਖਾਂ ਨਮ ਹੋ ਗਈਆਂ। ਰਾਣਾ ਬਲਾਚੌਰੀਆ ਦੀ ਮ੍ਰਿਤਕ ਦੇਹ ਘਰ ਪਹੁੰਚਣ ’ਤੇ ਉਨ੍ਹਾਂ ਦੇ ਪਿਤਾ ਭੁੱਬਾਂ ਮਾਰ-ਮਾਰ ਰੋਏ ਜਦਕਿ ਬਾਕੀ ਪਰਿਵਾਰਕ ਮੈਂਬਰਾਂ ਦੀ ਹਾਲਤ ਵੀ ਦੇਖੀ ਨਹੀਂ ਜਾ ਰਹੀ ਸੀ। ਰਾਣਾ ਬਲਾਚੌਰੀਆ ਦਾ ਮੌਤ ਤੋਂ ਸਿਰਫ਼ 11 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ।
ਜ਼ਿਕਰਯੋਗ ਹੈ ਕਿ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਬੀਤੀ ਰਾਤ ਮੋਹਾਲੀ ਦੇ ਸੋਹਾਣਾ ਸਾਹਿਬ ਵਿਖੇ ਚੱਲ ਕਬੱਡੀ ਕੱਪ ਦੇ ਮੈਚ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਮਲਾਵਰ ਰਾਣਾ ਦੇ ਫੈਨਜ਼ ਬਣ ਕੇ ਫੋਟੋ ਖਿਚਵਾਉਣ ਦੇ ਬਹਾਨੇ ਆਏ ਸਨ।
ਦੱਸ ਦਇਏ ਕਿ ਇਸ ਟੂਰਨਾਮੈਂਟ ਵਿਚ ਪੰਜਾਬੀ ਗਾਇਕ ਮਨਕੀਰਤ ਔਲਖ਼ ਵੀ ਆਉਣ ਵਾਲੇ ਸਨ, ਪਰ ਉਨ੍ਹਾਂ ਦੇ ਆਉਣ ਤੋਂ ਕੁਝ ਦੇਰ ਪਹਿਲਾਂ ਹੀ ਰਾਣਾ ਬਲਾਚੌਰੀਆ ਦਾ ਕਤਲ ਹੋ ਗਿਆ, ਜਿਸ ਕਾਰਨ ਉੱਥੇ ਭਾਜੜਾਂ ਪੈ ਗਈਆਂ।


