ਪੰਜਾਬ ਦੇ ਮਾਲ ਮੰਤਰੀ ਨੇ ਪਟਵਾਰੀਆਂ ਦੀ ਹੜਤਾਲ ਕਰਵਾਈ ਖ਼ਤਮ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਪੰਜਾਬ ਦੇ ਮਾਲ, ਮੁੜ ਵਸੇਬਾ 'ਤੇ ਆਫ਼ਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਸ਼ਰਮਾ (ਜਿੰਪਾ) ਨੇ ਦੀ ਰੈਵੀਨਿਊ ਪਟਵਾਰ ਯੂਨੀਅਨ, ਪੰਜਾਬ 'ਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ, ਪੰਜਾਬ ਦੇ ਵਫ਼ਦ ਨਾਲ ਮੀਟਿੰਗ ਕਰਕੇ ਰਾਜ 'ਚ ਹੜਤਾਲ 'ਤੇ ਚੱਲ ਰਹੇ ਮਾਲ ਪਟਵਾਰੀਆਂ ਦੀ ਹੜਤਾਲ ਖ਼ਤਮ ਕਰਵਾਈ।

ਮਾਲ ਮੰਤਰੀ ਨੇ ਪਟਵਾਰ ਯੂਨੀਅਨ ਆਗੂਆਂ ਦਾ ਵਿਸ਼ੇਸ ਧੰਨਵਾਦ ਕਰਦਿਆਂ ਕਿਹਾ ਕਿ ਪਟਵਾਰ ਯੂਨੀਅਨ ਨੇ ਲੋਕ ਹਿੱਤਾਂ ਦੇ ਮੱਦੇਨਜ਼ਰ ਆਪਣੀ ਹੜਤਾਲ ਵਾਪਸ ਲਈ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨ ਨਾਲ ਸਦਭਾਵਨਾ ਦੇ ਮਾਹੌਲ 'ਚ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਮਲੇਰਕੋਟਲਾ ਜ਼ਿਲ੍ਹੇ ਦੇ ਪਟਵਾਰੀ ਦੀਦਾਰ ਸਿੰਘ ਵਿਰੁੱਧ ਦਰਜ ਵਿਜੀਲੈਂਸ ਕੇਸ 'ਚ ਜਾਂਚ ਅਧਿਕਾਰੀ ਨੂੰ ਤਬਦੀਲ ਕੀਤਾ ਜਾਵੇਗਾ 'ਤੇ ਪਟਵਾਰੀਆਂ ਦੀਆਂ ਬਾਕੀ ਜਾਇਜ਼ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਪੜਾਅਵਾਰ ਢੰਗ ਨਾਲ ਬਹੁਤ ਜਲਦ ਮੰਨ ਲਿਆ ਜਾਵੇਗਾ।

ਬ੍ਰਮ ਸ਼ੰਕਰ ਜਿੰਪਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਵਾਰੀਆਂ ਦੀਆਂ ਮੰਗਾਂ ਮੰਨਣ 'ਚ ਹੋਈ ਦੇਰੀ ਦੇ ਸਵਾਲ 'ਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਦਾ ਗੁੱਸਾ ਪਟਵਾਰੀ ਉਨ੍ਹਾਂ ਦੀ ਸਰਕਾਰ 'ਤੇ ਨਹੀਂ ਕੱਢ ਸਕਦੇ ਪਰੰਤੂ ਮੌਜੂਦਾ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਖ਼ੁਦ ਪਟਵਾਰੀਆਂ ਨਾਲ ਹਮਦਰਦੀ ਰੱਖਦੀ ਹੈ, ਇਸ ਲਈ ਪਟਵਾਰੀਆਂ ਦੀ ਕੋਈ ਵੀ ਮੰਗ ਬਕਾਇਆ ਨਹੀਂ ਰਹੇਗੀ। ਬ੍ਰਮ ਸ਼ੰਕਰ ਜਿੰਪਾ ਨੇ ਹੋਰ ਕਿਹਾ ਕਿ ਐਸ.ਐਸ.ਐਸ. ਬੋਰਡ ਰਾਹੀਂ ਭਰਤੀ 1090 ਪਟਵਾਰੀਆਂ ਨੂੰ ਜਲਦੀ ਹੀ ਸਿਖਲਾਈ 'ਤੇ ਭੇਜਿਆ ਜਾਵੇਗਾ।