Punjab: ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 18.70 ਲੱਖ ਰੁਪਏ ਦੀ ਠੱਗੀ

by nripost

ਬਠਿੰਡਾ (ਨੇਹਾ): ਜ਼ਿਲ੍ਹਾ ਪੁਲਿਸ ਨੇ ਧੋਖਾਧੜੀ ਦੇ ਦੋ ਵੱਖ-ਵੱਖ ਮਾਮਲਿਆਂ ਵਿਚ 8 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਹਿਲੇ ਮਾਮਲੇ ਵਿਚ ਇਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 18.70 ਲੱਖ ਰੁਪਏ ਦੀ ਠੱਗੀ ਮਾਰੀ ਜਦੋਂ ਕਿ ਦੂਜੇ ਮਾਮਲੇ ਵਿਚ ਦੋ ਕਰੋੜ ਦੇ ਸੈਲਰ ਵਿੱਚੋਂ ਹਿੱਸੇਦਾਰੀ ਖਤਮ ਕਰਕੇ ਇਕ ਵਿਅਕਤੀ ਨਾਲ ਕਰੋੜਾਂ ਦੀ ਠੱਗੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਵਲ ਲਾਈਨ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਗੁਰਮੇਲ ਸਿੰਘ ਵਾਸੀ ਪਿੰਡ ਧਿੰਗੜ ਜ਼ਿਲ੍ਹਾ ਮਾਨਸਾ ਨੇ ਦੱਸਿਆ ਕਿ ਉਸਨੇ ਆਪਣੇ ਪੁੱਤਰ ਮਹਿਕਦੀਪ ਸਿੰਘ ਨੂੰ ਕੈਨੇਡਾ ਭੇਜਣਾ ਸੀ, ਜਿਸ ਲਈ ਉਸਨੇ ਅਮਨਦੀਪ ਕੌਰ, ਅਰਸ਼ਦੀਪ ਸਿੰਘ ਅਤੇ ਜੀਤ ਸਿੰਘ ਵਾਸੀਆਨ ਜੋਗੀ ਨਗਰ ਬਠਿੰਡਾ ਨਾਲ ਸੰਪਰਕ ਕੀਤਾ।

ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਝਾਂਸਾ ਦਿੱਤਾ ਕਿ ਉਹ ਜਲਦੀ ਹੀ ਉਸਦੇ ਬੇਟੇ ਨੂੰ ਕੈਨੇਡਾ ਭੇਜ ਦੇਣਗੇ, ਜਿਸ ਦੇ ਬਦਲੇ ਉਨ੍ਹਾ 18. 70 ਲੱਖ ਰੁਪਏ ਉਸ ਕੋਲੋਂ ਲੈ ਲਏ। ਪੀੜਤ ਨੇ ਦੱਸਿਆ ਕਿ ਇਸ ਤੋਂ ਬਾਅਦ ਨਾ ਤਾਂ ਉਸ ਦੇ ਪੁੱਤਰ ਨੂੰ ਕੈਨੇਡਾ ਭੇਜਿਆ ਗਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਤਿੰਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।

ਇਸੇ ਤਰ੍ਹਾਂ ਥਾਣਾ ਰਾਮਾਂ ਮੰਡੀ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਦੇਵੀ ਲਾਲ ਵਾਸੀ ਪੰਨੀਵਾਲਾ ਮੋਟਾ ਜ਼ਿਲ੍ਹਾ ਸਿਰਸਾ ਹਰਿਆਣਾ ਨੇ ਦੱਸਿਆ ਕਿ ਉਸਨੇ ਰਜਿੰਦਰ ਕੁਮਾਰ, ਭਾਗਰਾਮ, ਬੀਰਬਲ, ਸਤਪਾਲ ਵਾਸੀਆਨ ਪਿੰਡ ਮਹਿਮਦਪੁਰੀਆ ਜ਼ਿਲ੍ਹਾ ਸਿਰਸਾ ਹਰਿਆਣਾ ਅਤੇ ਰਾਜਕੁਮਾਰ ਵਾਸੀ ਏਹਲਣਾਬਾਦ ਜ਼ਿਲ੍ਹਾ ਸਿਰਸਾ ਹਰਿਆਣਾ ਨਾਲ ਮਿਲ ਕੇ ਜ਼ਿਲ੍ਹੇ ਦੇ ਪਿੰਡ ਗਿਆਨਾਂ ਵਿਚ ਭੱਠਾ ਲਗਾਇਆ ਸੀ। ਉਸਨੇ ਦੱਸਿਆ ਕਿ ਇਹ ਪ੍ਰੋਜੈਕਟ ਕਰੀਬ ਦੋ ਕਰੋੜ ਰੁਪਏ ਦਾ ਸੀ ਪਰ ਉਕਤ ਮੁਲਜ਼ਮਾਂ ਨੇ ਧੋਖੇ ਨਾਲ ਉਸਦੀ ਭੱਠੇ ਵਿੱਚੋਂ ਹਿੱਸੇਦਾਰੀ ਖ਼ਤਮ ਕਰ ਦਿੱਤੀ। ਜਿਸ ਕਰਕੇ ਉਸ ਨਾਲ ਮੁਲਜ਼ਮਾਂ ਨੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਥਾਣਾ ਰਾਮਾਂ ਮੰਡੀ ਦੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਪਰ ਅਜੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।

More News

NRI Post
..
NRI Post
..
NRI Post
..