
ਕਪੂਰਥਲਾ (ਰਾਘਵ): ਕਪੂਰਥਲਾ ਦੇ ਪਿੰਡ ਨੂਰਪੁਰ ਜਨੂਹਾਂ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਸੜਕ ਹਾਦਸਾ ਵਿਚ ਮੌਤ ਹੋ ਗਈ। ਇਹ ਹਾਦਸਾ ਟਰੈਕਟਰ-ਟਰਾਲੀ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ ਵਾਪਰਿਆ। ਮ੍ਰਿਤਕ ਦੀ ਪਛਾਣ ਰੋਹਨ ਗਿੱਲ (17) ਵਾਸੀ ਪਿੰਡ ਨੂਰਪੁਰਜਨੂਹਾਂ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਰੋਹਨ ਬੀਤੀ ਸ਼ਾਮ ਕਿਸੇ ਜ਼ਰੂਰੀ ਕੰਮ ਲਈ ਆਪਣੇ ਮੋਟਰਸਾਈਕਲ 'ਤੇ ਘਰੋਂ ਨਿਕਲਿਆ ਸੀ। ਜਦੋਂ ਉਹ ਪਿੰਡ ਭੰਡਾਲ ਬੇਟ ਦੇ ਬੱਸ ਸਟੈਂਡ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਇਕ ਅਣਪਛਾਤੀ ਟਰੈਕਟਰ-ਟਰਾਲੀ ਨਾਲ ਉਸ ਦੀ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਬਾਅਦ ਰੋਹਨ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਗਿਆ ਪਰ ਡਿਊਟੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੇ ਚਾਚੇ ਗੁਰਨਾਮ ਸਿੰਘ ਨੇ ਦੱਸਿਆ ਕਿ ਰੋਹਨ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਪਰਿਵਾਰ ਦੀ ਦੇਖਭਾਲ ਉਸ ਦੀ ਵਿਧਵਾ ਮਾਂ ਕਰ ਰਹੀ ਸੀ। ਪੁਲਸ ਅਧਿਕਾਰੀ ਮੂਰਤਾਂ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹਾਦਸੇ ਵਾਲੀ ਥਾਂ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਵਾਹਨ ਚਾਲਕ ਜਲਦ ਪੁਲਸ ਦੀ ਗ੍ਰਿਫ਼ਤ ’ਚ ਹੋਵੇਗਾ।