ਪੰਜਾਬ : ਫੈਕਟਰੀ ‘ਚੋਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼, ਜਾਂਚ ‘ਚ ਜੁਟੀ ਪੁਲਸ

by nripost

ਕੋਟਕਪੂਰਾ (ਰਾਘਵ): ਸਥਾਨਕ ਜਲਲੇਆਣਾ ਰੋਡ ’ਤੇ ਇੱਕ ਲਾਵਾਰਸ ਫੈਕਟਰੀ ਵਿੱਚੋਂ ਕਰੀਬ 25 ਸਾਲ ਦੇ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਥਾਣਾ ਸਿਟੀ ਕੋਟਕਪੂਰਾ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਲੋਕਾਂ ਨੇ ਦੇਖਿਆ ਕਿ ਜਲਲੇਆਣਾ ਰੋਡ 'ਤੇ ਚਰਚ ਦੇ ਸਾਹਮਣੇ ਇਕ ਸੁੰਨਸਾਨ ਫੈਕਟਰੀ 'ਚ ਇਕ ਨੌਜਵਾਨ ਦੀ ਲਾਸ਼ ਪਈ ਸੀ, ਜਿਸ ਦੀ ਸੂਚਨਾ ਥਾਣਾ ਸਿਟੀ ਕੋਟਕਪੂਰਾ ਨੂੰ ਦਿੱਤੀ ਗਈ। ਇਸ ਮਾਮਲੇ ਸਬੰਧੀ ਇਲਾਕਾ ਕੌਂਸਲਰ ਮਹਾਵੀਰ ਕੁਮਾਰ ਦਾ ਕਹਿਣਾ ਹੈ ਕਿ ਇਸ ਸੁੰਨਸਾਨ ਫੈਕਟਰੀ ਵਿੱਚ ਪਹਿਲਾਂ ਵੀ ਕਈ ਮੌਤਾਂ ਹੋ ਚੁੱਕੀਆਂ ਹਨ ਕਿਉਂਕਿ ਇੱਥੇ ਨਸ਼ੇੜੀ ਅਕਸਰ ਆਉਂਦੇ ਰਹਿੰਦੇ ਹਨ। ਇਸ ਮਾਮਲੇ ਵਿੱਚ ਥਾਣਾ ਸਿਟੀ ਦੇ ਏ.ਐਸ.ਆਈ. ਇਕਬਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਨਾ ਹੀ ਉਸ ਕੋਲੋਂ ਕੋਈ ਦਸਤਾਵੇਜ਼ ਬਰਾਮਦ ਹੋਏ ਹਨ। ਉਸ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ।