
ਅੰਮ੍ਰਿਤਸਰ (ਰਾਘਵ): ਮਜੀਠਾ ਰੋਡ 'ਤੇ ਹੋਏ ਧਮਾਕੇ ਵਿੱਚ ਮਾਰੇ ਗਏ ਨੌਜਵਾਨ ਦੀ ਪਛਾਣ 25 ਸਾਲਾ ਨਿਤਿਨ ਕੁਮਾਰ ਵਜੋਂ ਹੋਈ ਹੈ, ਜੋ ਛੇਹਰਟਾ ਦੇ ਘਣੂਪੁਰ ਕਾਲੇ ਇਲਾਕੇ ਦਾ ਨਿਵਾਸੀ ਸੀ। ਨਿਤਿਨ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਸੀ ਅਤੇ ਆਪਣਾ ਗੁਜ਼ਾਰਾ ਆਟੋ ਚਲਾ ਕੇ ਕਰਦਾ ਸੀ। ਪੂਰੇ ਪਰਿਵਾਰ ਲਈ ਇਹ ਸਦਮੇ ਵਾਲੀ ਘੜੀ ਹੈ, ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਨਿਤਿਨ ਧਮਾਕੇ ਵਾਲੀ ਥਾਂ ਕਿਵੇਂ ਪਹੁੰਚਿਆ। ਨਿਤਿਨ ਹਰ ਰੋਜ਼ ਆਟੋ ਲੈ ਕੇ ਘਰੋਂ ਨਿਕਲਦਾ ਸੀ ਪਰ ਅੱਜ ਉਹ ਸਵੇਰੇ 7 ਵਜੇ ਬਿਨਾਂ ਆਟੋ ਦੇ ਹੀ ਘਰੋਂ ਚਲਿਆ ਗਿਆ। ਨੌਜਵਾਨ ਇੱਕ ਛੋਟੇ ਜਿਹੇ ਕਿਰਾਏ ਦੇ ਕਮਰੇ ਵਿੱਚ ਆਪਣੀ ਬਜ਼ੁਰਗ ਮਾਂ, ਪਿਤਾ ਅਤੇ ਭਰਾ ਨਾਲ ਰਹਿੰਦਾ ਸੀ। ਦੋਵੇਂ ਭਰਾ ਆਟੋ ਚਲਾ ਕੇ ਗੁਜ਼ਾਰਾ ਕਰਦੇ ਸਨ, ਪਰ ਹੁਣ ਪਰਿਵਾਰ ਨੇ ਆਪਣਾ ਇੱਕ ਸਹਾਰਾ ਗੁਆ ਦਿੱਤਾ ਹੈ।
ਧਮਾਕੇ ਮਗਰੋਂ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਨਿਤਿਨ ਇੱਕ ਸ਼ੱਕੀ ਅੱਤਵਾਦੀ ਦੱਸਿਆ ਜਾ ਰਿਹਾ ਹੈ ਜੋ ਕਿ ਕਿਸੇ ਕਨਸਾਈਨਮੈਂਟ ਨੂੰ ਲੈਣ ਲਈ ਆਇਆ ਸੀ। ਹਾਲਾਂਕਿ ਪਰਿਵਾਰ ਇਸ ਦਾਅਵੇ ਨਾਲ ਸਹਿਮਤ ਨਹੀਂ ਹੈ। ਉਸਦੇ ਪਿਤਾ ਨੇ ਦੱਸਿਆ ਕਿ ਨਿਤਿਨ ਨੂੰ ਮੈਡੀਕਲ ਨਸ਼ੇ ਦੀ ਆਦਤ ਸੀ ਅਤੇ ਉਹ ਨਸ਼ਾ ਛੁਡਾਓ ਕੇਂਦਰ ਤੋਂ ਇਲਾਜ ਕਰਵਾ ਰਿਹਾ ਸੀ। ਅੱਜ ਵੀ ਉਹ ਦਵਾਈ ਲੈਣ ਦੇ ਬਹਾਨੇ ਘਰੋਂ ਨਿਕਲਿਆ ਸੀ। ਦੁਪਹਿਰ ਨੂੰ ਪਰਿਵਾਰ ਨੂੰ ਇੰਟਰਨੈੱਟ ਰਾਹੀਂ ਪਤਾ ਲੱਗਾ ਕਿ ਉਹ ਧਮਾਕੇ ਵਿੱਚ ਮਾਰਿਆ ਗਿਆ ਹੈ।
ਪੁਲਸ ਵੱਲੋਂ ਘਰ ਦੀ ਤਲਾਸ਼ੀ ਲਈ ਗਈ ਅਤੇ ਕੇਵਲ ਦੋ ਟੁੱਟੇ ਹੋਏ ਮੋਬਾਈਲ ਫੋਨ ਹੀ ਬਰਾਮਦ ਕੀਤੇ ਗਏ। ਪਰਿਵਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਨਿਤਿਨ ਦੇ ਕਿਸੇ ਗਲਤ ਸਰਗਰਮੀ ਵਿੱਚ ਸ਼ਾਮਲ ਹੋਣ ਦੇ ਕੋਈ ਸਬੂਤ ਨਹੀਂ ਮਿਲੇ। ਸੀਸੀਟੀਵੀ ਫੁਟੇਜ ਵਿੱਚ ਨਿਤਿਨ ਇਕੱਲਾ ਘਰ ਤੋਂ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਹੈ, ਜਿਸ ਨਾਲ ਉਸਦੇ ਕਿਸੇ ਵੱਡੇ ਗਰੁੱਪ ਨਾਲ ਸਬੰਧ ਹੋਣ ਦੀ ਗੱਲ 'ਤੇ ਸਵਾਲ ਖੜ੍ਹੇ ਹੋ ਰਹੇ ਹਨ।