
ਜਲੰਧਰ (ਰਾਘਵ) : ਜਲੰਧਰ 'ਚ ਇਕ ਭਿਆਨਕ ਸੜਕ ਹਾਦਸੇ 'ਚ ਕੈਂਟਰ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਪੁੱਤਰ ਜਗੀਰ ਸਿੰਘ ਵਜੋਂ ਹੋਈ ਹੈ, ਜੋਕਿ ਮੁਕੇਰੀਆਂ ਦੇ ਸਿੰਘਪੁਰਾ ਪਿੰਡ ਦਾ ਰਹਿਣ ਵਾਲਾ ਸੀ। ਪੁਲਸ ਨੇ ਉਸ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਡਰਾਈਵਰ ਵਿਆਹਿਆ ਹੋਇਆ ਸੀ ਅਤੇ ਉਸ ਦੇ ਛੋਟੇ ਬੱਚੇ ਹਨ। ਘਟਨਾ ਦੀ ਜਾਂਚ ਕਰਨ ਲਈ ਭੋਗਪੁਰ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚੀ।
ਪਚਰੰਗਾ ਚੌਕੀ ਤੋਂ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 5:30 ਵਜੇ ਦੇ ਕਰੀਬ ਵਾਪਰਿਆ। ਕੈਂਟਰ ਚਾਲਕ ਹਰਜੀਤ ਦਸੂਹਾ ਵੱਲ ਜਾ ਰਿਹਾ ਸੀ। ਹਰਜੀਤ ਨੇ ਕੈਂਟਰ ਲੈ ਕੇ ਮਕੇਰੀਆਂ ਸਥਿਤ ਸੀਕੇ ਟ੍ਰੇਡਿੰਗ ਕੰਪਨੀ ਜਾਣਾ ਸੀ। ਉਹ ਜਲੰਧਰ ਤੋਂ ਜਾ ਰਿਹਾ ਸੀ। ਜਦੋਂ ਉਸ ਦਾ ਕੈਂਟਰ ਭੋਗਪੁਰ ਦੇ ਪਚਰੰਗਾ ਨੇੜੇ ਪਹੁੰਚਿਆ ਤਾਂ ਉਸ ਦਾ ਕੈਂਟਰ ਕਾਬੂ ਤੋਂ ਬਾਹਰ ਹੋ ਗਿਆ ਅਤੇ ਇਕ ਦਰੱਖ਼ਤ ਨਾਲ ਟਕਰਾ ਗਿਆ ਅਤੇ ਬਾਅਦ ਵਿਚ ਪਲਟ ਗਿਆ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਹਰਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਹਗੀਰਾਂ ਨੇ ਘਟਨਾ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ, ਜਿਸ ਤੋਂ ਬਾਅਦ ਸੜਕ ਸੁਰੱਖਿਆ ਬਲ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ। ਜਦੋਂ ਉਨ੍ਹਾਂ ਨੂੰ ਮੌਤ ਬਾਰੇ ਪਤਾ ਲੱਗਾ ਤਾਂ ਭੋਗਪੁਰ ਥਾਣੇ ਦੀ ਪਚਰੰਗਾ ਚੌਕੀ ਦੀ ਪੁਲਸ ਨੂੰ ਤੁਰੰਤ ਜਾਂਚ ਲਈ ਮੌਕੇ 'ਤੇ ਬੁਲਾਇਆ ਗਿਆ।