Punjab: ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਦੀ ਮੌਤ

by nripost

ਸਂਗਰੂਰ (ਰਾਘਵ): ਸੋਮਵਾਰ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਪਿੰਡ ਕਾਲਾਝਾੜ ਚੌਕੀ ਨੇੜੇ ਇਕ ਸਵਿਫਟ ਕਾਰ ਤੇ ਈ-ਰਿਕਸ਼ਾ ਵਿਚਕਾਰ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਈ-ਰਿਕਸ਼ਾ 'ਚ ਸਵਾਰ ਇਕ ਔਰਤ ਦੀ ਮੌਤ ਹੋ ਗਈ ਜਦੋਂਕਿ 4 ਔਰਤਾਂ ਨੂੰ ਗੰਭੀਰ ਸੱਟਾਂ ਲੱਗੀਆਂ। ਈ-ਰਿਕਸ਼ਾ 'ਚ ਸਵਾਰ ਔਰਤਾਂ ਮੂਲ ਰੂਪ ਵਿਚ ਉੱਤਰਾਖੰਡ ਤੋਂ ਸਨ ਜੋ ਇੱਥੇ ਹੋਰ ਮਜਦੂਰਾਂ ਸਮੇਤ ਝੋਨੇ ਲਗਾਉਣ ਲਈ ਮਜਦੂਰੀ ਕਰਨ ਆ ਰਹੀਆਂ ਸਨ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ (ਐੱਸ.ਐੱਸ.ਐਫ) ਦੇ ਕਰਮਚਾਰੀ ਪ੍ਰਿਤਪਾਲ ਸਿੰਘ, ਅਮਰਜੀਤ ਸਿੰਘ ਤੇ ਮਨਪ੍ਰੀਤ ਕੌਰ ਨੇ ਦੱਸਿਆ ਕਿ ਉੱਤਰਾਖੰਡ ਤੋਂ ਇੱਥੇ ਝੋਨਾ ਲਗਾਉਣ ਲਈ ਰੇਲ ਗੱਡੀ ਰਾਹੀਂ ਆਈ ਲੇਬਰ ਨੂੰ ਅੱਜ ਸਵੇਰੇ ਪਟਿਆਲਾ ਉੱਤਰਨ ਮਗਰੋਂ ਇਕ ਕਿਸਾਨ ਆਪਣੇ ਖੇਤਾਂ 'ਚ ਝੋਨਾ ਲਵਾਉਣ ਲਈ ਆਪਣੇ ਪਿੰਡ ਈ-ਰਿਕਸ਼ਾ 'ਤੇ ਲਿਆ ਰਿਹਾ ਸੀ ਤਾਂ ਰਸਤੇ ਵਿਚ ਮੁੱਖ ਹਾਈਵੇਅ 'ਤੇ ਪਿੰਡ ਕਾਲਾਝਾੜ ਪੁਲਸ ਚੌਕੀ ਸਾਹਮਣੇ ਢਾਬੇ ਨੇੜੇ ਉਨ੍ਹਾਂ ਦਾ ਈ-ਰਿਕਸ਼ਾ ਪਿੱਛੋਂ ਆ ਰਹੀ ਇਕ ਸਵਿੱਫਟ ਕਾਰ ਨਾਲ ਹਾਦਸੇ ਦਾ ਸ਼ਿਕਾਰ ਹੋ ਗਿਆ।

ਹਾਦਸੇ 'ਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਉੱਥੇ ਹੀ ਈ-ਰਿਕਸ਼ਾ ਸਵਾਰ ਦੋ ਸਕੀਆਂ ਭੈਣਾਂ ਰੇਖਾ ਕੌਰ ਅਤੇ ਆਸ਼ਾ ਕੌਰ ਸਮੇਤ ਗੁਰਜੀਤ ਕੌਰ, ਗੁਰਦੀਪ ਕੌਰ ਅਤੇ ਮਿੰਦੋਂ ਕੌਰ (ਸਾਰੇ ਵਾਸੀ ਪਿੰਡ ਨਾਨਕਮਤਾ) ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਮੌਕੇ 'ਤੇ ਪਹੁੰਚੀ ਐੱਸਐੱਸਐਫ ਦੀ ਟੀਮ ਨੇ ਇਲਾਜ ਲਈ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਮਿੰਦੋਂ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਰੇਖਾ ਕੌਰ, ਸੁਰਜੀਤ ਕੌਰ ਅਤੇ ਆਸ਼ਾ ਰਾਣੀ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੌਰਾਨ ਈ-ਰਿਕਸ਼ਾ ਦੇ ਡਰਾਇਵਰ ਰਾਹੁਲ ਮਲਹੋਤਰਾ ਵਾਸੀ ਪਟਿਆਲਾ ਅਤੇ ਸਵਿੱਫਟ ਕਾਰ ਦੇ ਚਾਲਕ ਮਨਿੰਦਰਪ੍ਰੀਤ ਸਿੰਘ ਵਾਸੀ ਸੰਗਰੂਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਉੱਧਰ ਪੁਲਸ ਚੌਕੀ ਦੇ ਇੰਚਾਰਜ ਏ.ਐੱਸ.ਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..