ਬਿਆਸ ਅਤੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕੱਲ੍ਹ ਨਾਲੋਂ ਕਾਫ਼ੀ ਵਧ ਗਿਆ ਹੈ। ਸਿੰਜਾਈ ਵਿਭਾਗ ਦੇ ਐੱਸਡੀਓ ਨਵਨੀਤ ਸਿੰਘ ਨੇ ਦੱਸਿਆ ਕਿ ਦਰਿਆ ਅੰਦਰ ਅੱਜ ਪਾਣੀ ਦਾ ਹੇਠਲੇ ਪਾਸੇ ਵਹਾਅ ਵਧ ਕੇ ਇੱਕ ਲੱਖ 29 ਹਜ਼ਾਰ ਕਿਊਸਿਕ ਹੋ ਗਿਆ ਹੈ, ਜਿਹੜਾ ਬੀਤੇ ਕੱਲ੍ਹ 90 ਹਜ਼ਾਰ ਕਿਊਸਿਕ ਸੀ। ਉਪਰਲੇ ਪਾਣੀ ਵਧ ਕੇ ਇੱਕ ਲੱਖ 44 ਹਜ਼ਾਰ ਕਿਊਸਿਕ ਹੋ ਗਿਆ, ਜੋ ਕੱਲ੍ਹ ਇੱਕ ਲੱਖ ਪੰਜ ਹਜ਼ਾਰ ਕਿਊਸਿਕ ਸੀ।
ਪਿੰਡ ਮੁੰਡਾਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਦਰਿਆ ਦੇ ਮੰਡ ਖੇਤਰ ਵਿੱਚ ਦਰਿਆ ਦਾ ਪਾਣੀ ਕੰਢਿਆਂ ਤੱਕ ਪੁੱਜ ਗਿਆ ਹੈ ਜਿਸ ਨਾਲ ਦਰਿਆ ਦੇ ਕੰਢੇ ਟੁੱਟਣ ਦਾ ਖ਼ਦਸ਼ਾ ਹੈ। ਪਿੰਡ ਸਭਰਾ ਵਿੱਚ ਪਿਛਲੇ ਅੱਠ ਦਿਨਾਂ ਤੋਂ ਪਾਣੀ ਕੰਢਿਆਂ ਨੂੰ ਛੋਹ ਰਿਹਾ ਹੈ। ਇਸ ਤਹਿਤ ਪਿੰਡ ਵਾਸੀ ਕਾਰ ਸੇਵਾ ਸੰਪਰਦਾਵਾਂ ਨਾਲ ਮਿਲ ਕੇ ਕੰਢਿਆਂ ਨੂੰ ਮਜ਼ਬੂਤ ਕਰਨ ਵਿੱਚ ਜੁਟੇ ਹੋਏ ਹਨ।
ਪਿੰਡ ਵਾਸੀ ਅਤੇ ਕਾਰ ਸੇਵਾ ਸੰਪਰਦਾ ਦੇ ਸੇਵਕ ਅਤੇ ਇਲਾਕੇ ਦੇ ਕਿਸਾਨ ਮਿਲ ਕੇ ਦਰਿਆ ਦੇ ਕੰਢਿਆਂ ਦੀ ਦਿਨ ਰਾਤ ਰਾਖੀ ਕਰ ਰਹੇ ਹਨ। ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਨੇ ਬਿਆਸ ਦਰਿਆ ਦੇ ਪਿੰਡ ਮੁੰਡਾਪਿੰਡ ਦੇ ਮੰਡ ਖੇਤਰ ਅੰਦਰ ਬਣਾਏ ਆਰਜ਼ੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ।



