Punjab Weather Update: ਪੰਜਾਬ ਵਿੱਚ ਮੁੜ ਮਾਨਸੂਨ ਦੀ ਵਾਪਸੀ ! ਇਨ੍ਹਾਂ ਸ਼ਹਿਰਾਂ ਵਿੱਚ ਮੀਂਹ ਦਾ ਅਲਰਟ

by jaskamal
(ਨਿਊਜ਼ ਡੈਸਕ) : ਪੰਜਾਬ ਵਿੱਚ ਅਕਤੂਬਰ ਮਹੀਨੇ ਦੇ ਅੰਦਰ ਹੁਣ ਤੱਕ 18 ਮਿਲੀਮੀਟਰ ਤੱਕ ਬਰਸਾਤ ਹੋ ਚੁੱਕੀ ਹੈ, ਹਾਲਾਂਕਿ 30 ਸਤੰਬਰ ਨੂੰ ਮਾਨਸੂਨ ਦੀ ਵਾਪਸੀ ਹੋ ਗਈ ਸੀ, ਪਰ ਲਗਾਤਾਰ ਤਾਪਮਾਨ ਵਧਣ ਕਾਰਨ ਜਿਥੇ ਪੱਛਮੀ ਚੱਕਰਵਾਤ 9 ਅਕਤੂਬਰ ਅਤੇ 10 ਅਕਤੂਬਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਐਕਟਿਵ ਰਿਹਾ ਹੈ ਉਥੇ ਹੀ ਹੁਣ ਇੱਕ ਹੋਰ ਚੱਕਰਵਾਤ 14 ਤੋਂ 15 ਅਕਤੂਬਰ ਵਿੱਚ ਐਕਟਿਵ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਕਈ ਹਿੱਸਿਆਂ ਵਿੱਚ 14 ਤੋਂ 15 ਅਕਤੂਬਰ ਨੂੰ ਬਾਰਿਸ਼ ਹੋ ਸਕਦੀ ਹੈ। ਇਸ ਸਬੰਧੀ ਪੀਏਯੂ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਬਰਸਾਤ ਹੋਣ ਤੋਂ ਪਹਿਲਾਂ ਕਾਫੀ ਗਰਮੀ ਸੀ, ਤਾਪਮਾਨ ਆਮ ਨਾਲੋਂ ਜ਼ਿਆਦਾ ਚੱਲ ਰਹੇ ਸਨ, ਪਰ ਬਾਰਿਸ਼ ਹੋਣ ਤੋਂ ਬਾਅਦ ਤਾਪਮਾਨ ਵਿੱਚ ਕਾਫੀ ਕਮੀ ਆਈ ਹੈ। ਦਿਨ ਦਾ ਤਾਪਮਾਨ 32 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ, ਜਦਕਿ ਰਾਤ ਦਾ ਤਾਪਮਾਨ ਵੀ 28 ਡਿਗਰੀ ਦੇ ਨੇੜੇ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਬਰਸਾਤ ਹੋਣੀ ਹੈ, ਉਸ ਤੋਂ ਪਹਿਲਾਂ ਕਿਸਾਨ ਆਪਣੀਆਂ ਫ਼ਸਲਾਂ ਨੂੰ ਜ਼ਰੂਰ ਖੇਤ ਵਿੱਚ ਸੰਭਾਲ ਲੈਣ, ਕਿਉਂਕਿ ਬਾਰਿਸ਼ ਹੋਣ ਨਾਲ ਫਸਲ ਉੱਤੇ ਪ੍ਰਭਾਵ ਪੈ ਸਕਦਾ ਹੈ। ਇਸ ਸਮੇਂ ਕਿਸਾਨਾਂ ਦੀ ਝੋਨੇ ਦੀ ਫਸਲ ਮੰਡੀਆਂ ਵਿੱਚ ਪਹੁੰਚ ਚੁੱਕੀ ਅਤੇ ਕਈ ਕਿਸਾਨਾਂ ਦੀ ਫਸਲ ਖੇਤ ਵਿੱਚ ਪਈ ਹੈ। ਕਿਸਾਨ ਬਾਰਿਸ਼ ਤੋਂ ਪਹਿਲਾਂ ਆਪਣੇ ਖੇਤਾਂ ਚੋਂ ਫਸਲ ਚੁੱਕ ਲੈਣ, ਕਿਉਂਕਿ ਫਸਲ ਵਿੱਚ ਨਮੀ ਜ਼ਿਆਦਾ ਆਉਣ ਕਰਕੇ ਉਸ ਦੇ ਸੁਕਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ।