ਸਮਾਣਾ (ਨੇਹਾ): ਇੱਥੋਂ ਨੇੜਲੇ ਪਿੰਡ ਕੁਲਾਰਾਂ ਵਿੱਚ ਇੱਕ ਔਰਤ ਨੇ ਆਪਣੇ ਪਤੀ ਦੀ ਕਥਿਤ ਗਲ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਸਬੰਧੀ ਸੂਚਨਾ ਮਿਲਣ ’ਤੇ ਥਾਣਾ ਸਦਰ ਦੀ ਪੁਲੀਸ ਘਟਨਾ ਸਥਾਨ ’ਤੇ ਪੁੱਜੀ। ਪੁਲੀਸ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜ ਦਿੱਤਾ ਹੈ। ਮਵੀਕਲਾਂ ਪੁਲੀਸ ਚੌਕੀ ਦੇ ਇੰਚਾਰਜ ਏ ਐੱਸ ਆਈ ਬਲਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਆਤਮਾ ਸਿੰਘ (38) ਵਜੋਂ ਹੋਈ ਹੈ। ਉਸ ਦੇ ਪਿਤਾ ਹੰਸਾ ਸਿੰਘ ਵਾਸੀ ਕੁਲਾਰਾਂ ਅਨੁਸਾਰ ਆਤਮਾ ਸਿੰਘ ਦਾ ਵਿਆਹ ਤਿੰਨ ਸਾਲ ਪਹਿਲਾਂ ਸ਼ਾਹਪੁਰ ਵਾਸੀ ਔਰਤ ਨਾਲ ਹੋਇਆ ਸੀ। ਉਸ ਔਰਤ ਦਾ ਇਹ ਦੂਜਾ ਵਿਆਹ ਸੀ ਅਤੇ ਪਹਿਲੇ ਵਿਆਹ ਤੋਂ ਉਸ ਦਾ ਇੱਕ ਪੁੱਤਰ ਹੈ।
ਹੰਸਾ ਸਿੰਘ ਅਨੁਸਾਰ ਆਤਮਾ ਸਿੰਘ ਦੀ ਪਤਨੀ ਈ ਰਿਕਸ਼ਾ ਚਲਾਉਂਦੀ ਹੈ। ਉਨ੍ਹਾਂ ਦੱਸਿਆ ਕਿ ਆਤਮਾ ਦੀ ਪਤਨੀ ਅਕਸਰ ਉਸ ਨਾਲ ਝਗੜਾ ਕਰਦੀ ਰਹਿੰਦੀ ਸੀ। ਸ਼ਨਿਚਰਵਾਰ ਦੇਰ ਰਾਤ ਉਨ੍ਹਾਂ ਆਤਮਾ ਸਿੰਘ ਦੇ ਘਰ ਵਿੱਚੋਂ ਰੌਲਾ ਪੈਂਦਾ ਸੁਣਿਆ। ਉਹ ਜਦੋਂ ਘਰ ਦੇ ਅੰਦਰ ਗਏ ਤਾਂ ਦੇਖਿਆ ਕਿ ਉਨ੍ਹਾਂ ਦੀ ਨੂੰਹ ਕਮਰੇ ਵਿੱਚ ਡਰੀ ਹੋਈ ਖੜ੍ਹੀ ਸੀ ਜਦੋਂਕਿ ਉਸ ਦਾ 14 ਸਾਲਾ ਪੁੱਤਰ ਸੌਂ ਰਿਹਾ ਸੀ। ਉਸ ਨੇ ਜਦੋਂ ਆਤਮਾ ਸਿੰਘ ਨੂੰ ਦੇਖਿਆ ਤਾਂ ਉਹ ਮਰ ਚੁੱਕਾ ਸੀ। ਹੰਸਾ ਸਿੰਘ ਨੇ ਦੱਸਿਆ ਕਿ ਨੂੰਹ ਨੇ ਕਬੂਲ ਕੀਤਾ ਸੀ ਕਿ ਉਸ ਨੇ ਹੀ ਆਤਮਾ ਸਿੰਘ ਦੀ ਗਲ ਘੁੱਟ ਕੇ ਹੱਤਿਆ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜੇ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।



