Punjab: ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

by nripost

ਗੁਰਦਸਪੂਰ (ਰਾਘਵ): ਥਾਣਾ ਘੁਮਾਣ ਦੇ ਅਧੀਨ ਪੈਂਦੇ ਪਿੰਡ ਭੋਮਾ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਰਣਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਭੋਮਾ ਨੇ ਦੱਸਿਆ ਕਿ ਮੇਰਾ ਭਰਾ ਮੇਜਰ ਸਿੰਘ ਨਸ਼ੇ ਕਰਨ ਦਾ ਆਦੀ ਸੀ ਅਤੇ ਉਹ ਜਾਲ ਬੰਨਣ ਦਾ ਕੰਮ ਕਰਦਾ ਸੀ।

ਜਦੋਂ ਅੱਜ ਘਰੋਂ ਕੰਮ 'ਤੇ ਗਿਆ ਅਤੇ ਉਸ ਨੇ ਫੋਨ ਕਰਕੇ ਕਿਹਾ ਕਿ ਅੱਜ ਮੈਨੂੰ ਕੰਮ ਨਹੀਂ ਮਿਲਿਆ ਤੇ ਮੈਂ ਘਰ ਆ ਰਿਹਾ ਹਾਂ। ਇਸ ਤੋਂ ਬਾਅਦ ਉਹ 3 ਵਜੇ ਤੱਕ ਘਰ ਨਾ ਆਇਆ ਤਾਂ ਵਾਰ-ਵਾਰ ਫੋਨ ਕਰਨ 'ਤੇ ਉਸਨੇ ਫੋਨ ਨਹੀਂ ਚੁੱਕਿਆ ਜਿਸ ਦੀ ਭਾਲ ਕਰਦੇ ਹੋਏ ਜਦੋਂ ਅਸੀਂ ਭੱਠੇ ਕੋਲ ਗਏ ਤਾਂ ਉੱਥੇ ਮੇਜਰ ਸਿੰਘ ਬੇਹੋਸ਼ੀ ਦੀ ਹਾਲਤ 'ਚ ਪਿਆ ਸੀ, ਜਿਸ ਨੂੰ ਚੁੱਕ ਕੇ ਤੁਰੰਤ ਘੁਮਾਣ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਬਟਾਲਾ ਲਈ ਰੈਫਰ ਕਰ ਦਿੱਤਾ। ਬਟਾਲਾ ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਮੇਜਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਕੁੜੀਆਂ ਅਤੇ ਇੱਕ ਮੁੰਡਾ ਛੱਡ ਗਿਆ ਹੈ।