
ਭਵਾਨੀਗੜ੍ਹ (ਰਾਘਵ): ਨੇੜਲੇ ਪਿੰਡ ਬਟਰਿਆਣਾ ਦੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਪੁਲਸ ਵੱਲੋਂ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਉੱਪਰ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦਾ ਸ਼ਿਕਾਰ ਹੋਏ ਬੇਅੰਤ ਸਿੰਘ ਦੇ ਚਾਚਾ ਬਲਰਾਜ ਸਿੰਘ ਪੁੱਤਰ ਗੁਰਚਰਨ ਸਿੰਘ ਪਿੰਡ ਬਟਰਿਆਣਾ ਨੇ ਦੱਸਿਆ ਕਿ ਉਸ ਦਾ ਭਤੀਜਾ ਬੇਅੰਤ ਸਿੰਘ ਪਿਛਲੇ ਸਮੇਂ ਤੋਂ ਨਸ਼ੇ ਕਰਨ ਦਾ ਆਦਿ ਸੀ ਅਤੇ ਬੀਤੇ ਦਿਨੀਂ 1500 ਰੁਪਏ ਲੈ ਕੇ ਘਰ ਤੋਂ ਕਾਰ ਰਾਹੀ ਸੁਨਾਮ ਨੂੰ ਗਿਆ ਸੀ। ਪਿੰਡ ਵਾਲਿਆਂ ਨੇ ਸੜਕ ਕਿਨਾਰੇ ਸਟਾਰਟ ਖੜ੍ਹੀ ਸ਼ੱਕੀ ਕਾਰ ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ ਸੀ, ਜਿਸ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਜਦੋਂ ਪੁਲਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਕਾਰ ਨੂੰ ਖੋਲ੍ਹ ਕੇ ਦੇਖ਼ਿਆ ਤਾਂ ਕਾਰ ਅੰਦਰ ਪਏ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਪੁਲਸ ਵੱਲੋਂ ਮ੍ਰਿਤਕ ਦੀ ਪਛਾਣ ਕਰ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ।
ਮ੍ਰਿਤਕ ਦੇ ਚਾਚੇ ਬਲਰਾਜ ਸਿੰਘ ਨੇ ਪੁਲਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ’ਚ ਇਹ ਦੋਸ਼ ਲਗਾਇਆ ਕਿ ਉਸ ਦੀ ਭਤੀਜੇ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਕੋਈ ਨਸ਼ਾ ਦੇਣ ਕਰਕੇ ਮੌਤ ਹੋਈ ਹੈ। ਪੁਲਸ ਨੇ ਬਲਰਾਜ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਬੇਅੰਤ ਸਿੰਘ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ।