ਬਾਘਾ ਪੁਰਾਣਾ (ਨੇਹਾ): ਹਲਕਾ ਬਾਘਾਪੁਰਾਣਾ ਦੇ ਪਿੰਡ ਚੰਦਨਵਾ ਵਿੱਚ ਸ਼ਨੀਵਾਰ ਰਾਤ ਗੁੰਮ ਹੋਏ 28 ਸਾਲਾ ਨੌਜਵਾਨ ਜਤਿੰਦਰ ਸਿੰਘ ਉਰਫ ਮੋਰੂ ਦੇ ਕਤਲ ਮਾਮਲੇ ਨੇ ਪੂਰੇ ਇਲਾਕੇ ’ਚ ਸਨਸਨੀ ਫੈਲਾ ਦਿੱਤੀ ਹੈ। ਨੌਜਵਾਨ ਦੀ ਲਾਸ਼ ਡਰੇਨ ਵਿਚੋਂ ਮਿਲਣ ਤੋਂ ਬਾਅਦ ਪਰਿਵਾਰ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵਿੱਚ ਗਹਿਰਾ ਰੋਸ ਪੈਦਾ ਹੋ ਗਿਆ। ਲੋਕਾਂ ਨੇ ਪੁਲਿਸ ਦੀ ਕਾਰਵਾਈ ਨਾ ਹੋਣ ’ਤੇ ਥਾਣਾ ਬਾਘਾ ਪੁਰਾਣਾ ਦੇ ਮੇਨ ਚੌਂਕ ਵਿੱਚ ਰੋਸ ਧਰਨਾ ਲਗਾ ਕੇ ਰੋਡ ਜਾਮ ਕੀਤਾ। ਪਰਿਵਾਰਕ ਮੈਂਬਰਾਂ ਮੁਤਾਬਕ ਸ਼ਨੀਵਾਰ ਰਾਤ ਲਗਭਗ 10:15 ਵਜੇ ਕਿਸੇ ਅਣਪਛਾਤੇ ਵਿਅਕਤੀ ਨੇ ਜਤਿੰਦਰ ਨੂੰ ਕਾਲ ਕਰਕੇ ਘਰੋਂ ਬੁਲਾਇਆ।
ਫਿਰ ਉਸਦਾ ਮੋਬਾਈਲ ਤਕਰੀਬਨ 11 ਵਜੇ ਤੱਕ ਚਲਦਾ ਰਿਹਾ, ਪਰ ਬਾਅਦ ਵਿਚ ਮੋਬਾਈਲ ਸਵਿੱਚ ਆਫ ਆਉਣ ਲੱਗਾ। ਜਦੋਂ ਜਤਿੰਦਰ ਰਾਤ ਭਰ ਘਰ ਨਹੀਂ ਪਰਤਿਆ, ਤਾਂ ਪਰਿਵਾਰ ਨੇ ਸਵੇਰੇ ਪੰਚਾਇਤ ਨੂੰ ਜਾਣਕਾਰੀ ਦਿੱਤੀ ਅਤੇ ਉਸੇ ਦਿਨ ਥਾਣਾ ਬਾਘਾਪੁਰਾਣਾ ਵਿਖੇ ਦਰਖ਼ਾਸਤ ਵੀ ਦਿੱਤੀ ਗਈ। ਪਰ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਕੋਈ ਵੀ ਤੁਰੰਤ ਕਾਰਵਾਈ ਨਹੀਂ ਕੀਤੀ ਗਈ। ਸੋਮਵਾਰ ਨੂੰ ਦੇਰ ਰਾਤ ਡਰੇਨ ਵਿੱਚੋਂ ਜਤਿੰਦਰ ਦੀ ਲਾਸ਼ ਮਿਲਣ ਨਾਲ ਮਾਮਲਾ ਹੋਰ ਗੰਭੀਰ ਹੋ ਗਿਆ। ਇਸ ਮੌਕੇ ਮ੍ਰਿਤਕ ਦੇ ਭਰਾ ਨਿੰਦਰ ਸਿੰਘ ਉਰਫ ਤੋਤਾ ਨੇ ਦੱਸਿਆ ਕਿ ਉਸਦੇ ਭਰਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਕੋਲ ਦਰਜ ਕਰਵਾਈ ਗਈ ਸੀ, ਪਰ ਪੁਲਿਸ ਨੇ ਗੰਭੀਰਤਾ ਨਹੀਂ ਦਿਖਾਈ। ਉਸਨੇ ਦੋਸ਼ ਲਗਾਇਆ ਕਿ ਪਿੰਡ ਦੇ ਕੁਝ ਲੋਕਾਂ ਨੇ ਜਤਿੰਦਰ ਦਾ ਕਤਲ ਕੀਤਾ ਹੈ।
ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਕੁਝ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਵੀ ਲਿਆ। ਜਤਿੰਦਰ ਦਾ ਭਰਾ ਨਿੰਦਰ ਸਿੰਘ ਜੋ ਕਿ ਮਹੰਤਾਂ ਦੇ ਨਾਲ ਰਹਿੰਦਾ ਹੈ ਉਹ ਆਪਣੇ ਮਹੰਤ ਸਾਥੀਆਂ ਅਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਥਾਣਾ ਬਾਘਾ ਪੁਰਾਣਾ ਦੀ ਮੇਨ ਚੌਂਕ ਵਿੱਚ ਰੋਸ ਧਰਨਾ ਦਿੱਤਾ। ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਜਦ ਤੱਕ ਪੁਲਿਸ ਕਤਲ ਮਾਮਲੇ ਵਿੱਚ ਤੁਰੰਤ ਕਾਰਵਾਈ ਨਹੀਂ ਕਰਦੀ, ਰੋਡ ਜਾਮ ਹਟਾਉਣ ਦੀ ਕੋਈ ਗੱਲ ਨਹੀਂ ਹੋਵੇਗੀ।ਇਸ ਮੌਕੇ ਲੋਕਾਂ ਨੇ ਕਤਲ ਦੀ ਨਿੰਦਾ ਕਰਦਿਆਂ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ।



