ਲੰਦਨ ‘ਚ 16 ਲੱਖ ਦਾ ਚੂਨਾ ਲਗਾਉਣ ਵਾਲੇ ਪੰਜਾਬੀ ਨੂੰ ਹੋਈ ਸਜ਼ਾ

by

ਲੰਦਨ ਡੈਸਕ (ਵਿਕਰਮ ਸਹਿਜਪਾਲ) : ਸਕਾਟਲੈਂਡ ਯਾਰਡ ਦੇ ਇੱਕ ਪੰਜਾਬੀ ਅਧਿਕਾਰੀ ਹਰਦੀਪ ਦੇਹਲ ਨੂੰ ਬੀਮੇ ਦੇ 16 ਲੱਖ ਰੁਪਏ (18,415 ਪੌਂਡ) ਲੈਣ ਲਈ ਧੋਖਾਧੜੀ ਮਾਮਲੇ ਦਾ ਦੋਸ਼ੀ ਪਾਇਆ ਗਿਆ ਹੈ। ਇਸ ਤੋਂ ਬਾਅਦ ਉਸ ਨੂੰ ਤੁਰੰਤ 30 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ।ਪ੍ਰਾਪਤ ਜਾਣਕਾਰੀ ਮੁਤਾਬਕ ਮਾਰਚ 2016 ਵਿੱਚ ਹਰਦੀਪ ਦੇਹਲ ਆਪਣੇ ਚਾਰ ਸਾਥੀਆਂ ਨਾਲ ਕਾਰ ਵਿੱਚ ਜਾ ਰਿਹਾ ਸੀ ਜਿਸ ਨੂੰ ਵੈਨ ਨੇ ਟੱਕਰ ਮਾਰ ਦਿੱਤੀ। 

ਪੁਲਿਸ ਅਧਿਕਾਰੀ ਹਰਦੀਪ ਨੇ ਦਾਅਵਾ ਕੀਤਾ ਸੀ ਕਿ ਹਾਦਸੇ ਦੌਰਾਨ ਉਸ ਨੂੰ ਕਾਫੀ ਗੁੱਝੀਆਂ ਸੱਟਾਂ ਲੱਗੀਆਂ ਹਨ ਜਿਸ ਦੇ ਆਧਾਰ 'ਤੇ ਉਸ ਨੇ ਮੁਆਵਜ਼ੇ ਦੀ ਮੰਗ ਕੀਤੀ ਸੀ। ਮੁੱਢਲੀ ਜਾਂਚ 'ਚ ਵੈਨ ਦੇ ਚਾਲਕ ਰਿਆਨ ਅਨਵਰ ਵੱਲੋਂ ਗ਼ਲਤੀ ਮੰਨਣ ਕਾਰਨ ਬੀਮਾ ਕੰਪਨੀ ਨੇ ਹਰਦੀਪ ਨੂੰ ਰਕਮ ਦੇਣ ਲਈ ਸਹਿਮਤੀ ਦੇ ਦਿੱਤੀ।ਇਸ ਤੋਂ ਬਾਅਦ ਜਦੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਹਾਦਸੇ ਤੋਂ ਦੋ ਮਹੀਨੇ ਪਹਿਲਾਂ ਦੋਵਾਂ ਵਿਚਾਲੇ 375 ਵਾਰ ਫ਼ੋਨ 'ਤੇ ਗੱਲ ਹੋਈ ਸੀ ਅਤੇ ਦੋਵਾਂ ਨੇ ਇੱਕ ਦੂਜੇ ਨੂੰ ਕਈ ਸੁਨੇਹੇ ਵੀ ਭੇਜੇ ਹਨ। 

ਇਸ ਤੋਂ ਬਾਅਦ ਜਦੋਂ ਜਾਂਚ ਹੋਰ ਗਹਿਰਾਈ ਨਾਲ ਹੋਈ ਤਾਂ ਨਵਾਂ ਹੀ ਖ਼ੁਲਾਸਾ ਹੋਇਆ।ਜਾਂਚ 'ਚ ਸਾਹਮਣੇ ਆਇਆ ਕਿ ਬੀਮੇ ਦੀ ਮੋਟੀ ਰਕਮ ਲੈਣ ਲਈ ਹਰਦੀਪ ਦੇਹਲ ਨੇ ਐਂਵੇਂ ਇੱਕ ਝੂਠ-ਮੂਠ ਦੇ ਸੜਕ ਹਾਦਸੇ ਦਾ ਨਾਟਕ ਰਚਿਆ ਤੇ ਫਿਰ ਬੀਮੇ ਦੀ ਰਕਮ ਵਸੂਲ ਕੀਤੀ। ਇਸ ਮਗਰੋਂ ਉਨ੍ਹਾਂ ਦੀ ਸਾਜ਼ਿਸ਼ ਦਾ ਭਾਂਡਾ ਫੁੱਟ ਗਿਆ। ਹੁਣ ਹਰਦੀਪ ਨੂੰ ਸਖ਼ਤ ਹਿਰਾਸਤ ਵਿੱਚ ਰੱਖਿਆ ਜਾਵੇਗਾ। ਸਰਕਾਰੀ ਵਕੀਲਾਂ ਮੁਤਾਬਕ ਇੱਕ ਡਿਲੀਵਰੀ ਵੈਨ ਦੇ ਡਰਾਇਵਰ ਰਈਅਨ ਅਨਵਰ ਨੇ ਵੀ ਆਪਣੇ ਜੁਰਮ ਦਾ ਇਕਬਾਲ ਕਰ ਲਿਆ ਹੈ।