ਫਗਵਾੜਾ (ਪਾਇਲ): ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪੰਜਾਬੀ ਗਾਇਕ ਹਸਨ ਮਾਣਕ ਨੂੰ ਹੁਣ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਨੇ ਉਸ ਖ਼ਿਲਾਫ਼ ਦਰਜ ਮਾਮਲੇ ਵਿੱਚ ਬਲਾਤਕਾਰ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਹਨ। DSP ਭਾਰਤ ਭੂਸ਼ਣ ਨੇ ਦੱਸਿਆ ਕਿ ਧੋਖਾਧੜੀ ਦੇ ਮਾਮਲੇ ਦੀ ਜਾਂਚ ਦੌਰਾਨ ਦਰਜ ਕੀਤੇ ਬਿਆਨਾਂ ਵਿੱਚ ਬਲਾਤਕਾਰ ਦੀ ਗੱਲ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਹਸਨ ਮਾਨਕ ਨੂੰ 13 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਮਾਮਲਾ ਇੱਕ NRI ਔਰਤ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਸੀ।
ਪਰਵਿੰਦਰ ਕੌਰ ਨੇ ਕੁਝ ਮਹੀਨੇ ਪਹਿਲਾਂ ਫਗਵਾੜਾ ਸਿਟੀ ਥਾਣਾ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਦੋਸ਼ੀ ਨੇ ਖੁਦ ਨੂੰ ਗਾਇਕ ਅਤੇ ਸੈਲੀਬ੍ਰਿਟੀ ਦੱਸ ਕੇ ਉਸਦਾ ਵਿਸ਼ਵਾਸ ਜਿੱਤਿਆ, ਜਦੋਂਕਿ ਉਹ ਪਹਿਲਾਂ ਤੋਂ ਵਿਆਹਿਆ ਹੋਇਆ ਸੀ ਅਤੇ ਉਸ ਵਿਰੁੱਧ ਘਰੇਲੂ ਹਿੰਸਾ ਦਾ ਮਾਮਲਾ ਵੀ ਚੱਲ ਰਿਹਾ ਸੀ।
ਪੀੜਤ ਦੀ ਮਾਂ ਅਨੁਸਾਰ, ਪਰਿਵਾਰ ਨੂੰ ਬਿਨਾਂ ਦੱਸੇ ਦੋਸ਼ੀ ਨੇ ਵਿਆਹ ਦੀ ਪੂਰੀ ਤਿਆਰੀ ਉਨ੍ਹਾਂ ਦੇ ਖਰਚੇ 'ਤੇ ਕਰਵਾਈ। ਸੋਨੇ-ਚਾਂਦੀ ਦੇ ਗਹਿਣੇ, ਕੱਪੜੇ, ਮਹਿੰਗੇ ਗਿਫਟ ਅਤੇ ਵਿਆਹ ਸਮਾਰੋਹ ਮਿਲਾ ਕੇ ਕਰੀਬ 22-25 ਲੱਖ ਰੁਪਏ ਖਰਚ ਹੋਏ। ਬੰਗਾ ਸਥਿਤ ਇਕ ਪੈਲਸ 'ਚ ਸਾਰੀਆਂ ਰਸਮਾਂ ਪੂਰੀਆਂ ਹੋਈਆਂ ਪਰ ਉਸੇ ਦੌਰਾਨ ਪੁਲਿਸ ਨੇ ਦਖਲ ਦਿੰਦੇ ਹੋਏ ਵਿਆਹ ਨੂੰ ਗੈਰ-ਕਾਨੂੰਨੀ ਦੱਸਿਆ।
ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ 30 ਮਈ 2025 ਨੂੰ ਮੁਲਜ਼ਮ ਵਿਰੁੱਧ ਧੋਖਾਧੜੀ ਸਣੇ ਹੋਰ ਧਾਰਾਵਾਂ 'ਚ ਮਾਮਲਾ ਦਰਜ ਕੀਤਾ ਸੀ। ਬਾਅਦ 'ਚ ਅਦਾਲਤ ਨੇ ਮੁਲਜ਼ਮ ਵਿਰੁੱਧ ਰੇਪ ਦੀ ਧਾਰਾ ਜੋੜਨ ਦਾ ਵੀ ਆਦੇਸ਼ ਜਾਰੀ ਕੀਤਾ ਸੀ।


