ਦਸੂਹਾ (ਨੇਹਾ): ਨੇੜਲੇ ਪਿੰਡ ਖੋਲੇ ਦੇ ਵਸਨੀਕ ਨੌਜਵਾਨ ਦੀ ਇਟਲੀ ਵਿੱਚ ਭੇਤਭਰੀ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਟਵਿੰਕਲ ਰੰਧਾਵਾ (24) ਪੁੱਤਰ ਜਗੀਰ ਸਿੰਘ ਵਾਸੀ ਪਿੰਡ ਖੋਲੇ, ਤਹਿਸੀਲ ਦਸੂਹਾ ਵਜੋਂ ਹੋਈ ਹੈ। ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਪੁਖਤਾ ਜਾਣਕਾਰੀ ਨਹੀਂ ਮਿਲੀ। ਮਿਲੀ ਜਾਣਕਾਰੀ ਅਨੁਸਾਰ ਗਰੀਬ ਪਰਿਵਾਰ ਨਾਲ ਸਬੰਧਤ ਟਵਿੰਕਲ ਰੰਧਾਵਾ ਕਰੀਬ ਛੇ ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਬਿਹਤਰ ਭਵਿੱਖ ਦੀ ਆਸ ਵਿੱਚ ਇਟਲੀ ਗਿਆ ਸੀ।
ਉਹ ਇਟਲੀ ਦੇ ਸ਼ਹਿਰ ਲਵੀਨੀਆ ਅੰਸੋ ਵਿੱਚ ਕੰਮ ਕਰਦਾ ਸੀ ਅਤੇ ਉੱਥੇ ਦੋ ਹੋਰ ਪੰਜਾਬੀ ਨੌਜਵਾਨਾਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਪੀੜਤ ਪਰਿਵਾਰ ਦੇ ਨਜ਼ਦੀਕੀ ਬਲਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ 16 ਜਨਵਰੀ ਨੂੰ ਇਟਲੀ ਤੋਂ ਪਰਿਵਾਰ ਨੂੰ ਫੋਨ ਆਇਆ ਜਿਸ ਵਿੱਚ ਟਵਿੰਕਲ ਦੀ ਭੇਤਭਰੀ ਹਾਲਾਤ ਵਿੱਚ ਮੌਤ ਹੋਣ ਬਾਰੇ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਇਟਲੀ ਪੁਲੀਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਟਵਿੰਕਲ ਨਾਲ ਰਹਿ ਰਹੇ ਨੌਜਵਾਨਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਟਲੀ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਮੌਤ ਦੇ ਅਸਲ ਕਾਰਨਾਂ ਦੀ ਪੂਰੀ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਟਵਿੰਕਲ ਰੰਧਾਵਾ ਦੀ ਲਾਸ਼ ਜਲਦੀ ਭਾਰਤ ਲਿਆਉਣ ਦੀ ਮੰਗ ਵੀ ਕੀਤੀ।



