ਰੂਪਨਗਰ (ਰਾਘਵ): ਕੈਨੇਡਾ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ’ਚ ਰਹਿੰਦੇ ਮੋਰਿੰਡਾ ਸ਼ਹਿਰ ਦੇ ਇਕ ਨੌਜਵਾਨ ਲੜਕੇ ਦੀ ਕਾਰ ’ਚ ਸੜ ਜਾਣ ਕਾਰਨ ਦਰਦਨਾਕ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਨੰਬਰਦਾਰ ਜਗਵਿੰਦਰ ਸਿੰਘ ਪੰਮੀ ਨੇ ਦੱਸਿਆ ਕਿ ਸਟੇਟ ਬੈਂਕ ਆਫ਼ ਪਟਿਆਲਾ ਤੋਂ ਰਿਟਾਇਰ ਹੋਏ ਜਸਬੀਰ ਸਿੰਘ ਵਾਸੀ ਸੂਦ ਕਾਲੋਨੀ ਮੋਰਿੰਡਾ ਦਾ ਪੁੱਤਰ ਹਰਵਿੰਦਰ ਸਿੰਘ ਹੈਰੀ (31) ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਿਆ ਹੋਇਆ ਸੀ, ਜਿੱਥੇ ਉਸ ਦੀ ਉਟਾਵਾ ਕੈਨੇਡਾ ’ਚ ਦਰਦਨਾਕ ਹਾਦਸੇ ’ਚ ਸ਼ਨੀਵਾਰ ਨੂੰ ਮੌਤ ਹੋ ਗਈ।
ਜਗਵਿੰਦਰ ਸਿੰਘ ਪੰਮੀ ਨੇ ਦੱਸਿਆ ਕਿ ਹਰਵਿੰਦਰ ਸਿੰਘ ਹੈਰੀ ਰੱਖੜੀ ਵਾਲੇ ਦਿਨ ਕੈਨੇਡਾ ਰਹਿੰਦੀ ਆਪਣੀ ਭੈਣ ਕੋਲ ਰੱਖੜੀ ਬਣਵਾਉਣ ਲਈ ਜਾ ਰਿਹਾ ਸੀ ਕਿ ਅਚਾਨਕ ਗੱਡੀ ਨੂੰ ਅੱਗ ਲੱਗ ਗਈ, ਜਿਸ ਕਾਰਨ ਜਿੱਥੇ ਕਾਰ ਸੜ ਕੇ ਸਵਾਹ ਹੋ ਗਈ, ਉੱਥੇ ਹੀ ਕਾਰ ’ਚ ਸਵਾਰ ਹੈਰੀ ਵੀ ਬੂਰੀ ਤਰ੍ਹਾਂ ਸੜ ਗਿਆ ਅਤੇ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਮਾਪਿਆਂ ਦੇ ਇਕਲੌਤੇ ਪੁੱਤਰ ਹਰਵਿੰਦਰ ਸਿੰਘ ਹੈਰੀ ਦਾ ਵਿਆਹ 5 ਮਹੀਨੇ ਪਹਿਲਾਂ 12 ਮਾਰਚ 2025 ਨੂੰ ਹੋਇਆ ਸੀ। ਰੱਖੜੀ ਵਾਲੇ ਦਿਨ ਤੋਂ ਇਕ ਦਿਨ ਪਹਿਲਾਂ ਹੈਰੀ ਦੀ ਪਤਨੀ ਹੈਰੀ ਦੀ ਭੈਣ ਕੋਲ ਚਲੀ ਗਈ ਸੀ। ਹੈਰੀ ਨੇ ਉਸ ਨੂੰ ਕਿਹਾ ਸੀ ਕਿ ਉਹ ਰੱਖੜੀ ਵਾਲੇ ਦਿਨ ਆਪਣੀ ਭੈਣ ਤੋਂ ਰੱਖੜੀ ਬਣਵਾਉਣ ਲਈ ਆਵੇਗਾ ਅਤੇ ਫਿਰ ਉਹ ਉਸ ਨੂੰ ਲੈ ਜਾਵੇਗਾ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕੈਨੇਡਾ ਵਿਖੇ ਹਰਵਿੰਦਰ ਸਿੰਘ ਹੈਰੀ ਦੀ ਮੌਤ ਦੀ ਖ਼ਬਰ ਮਿਲਦਿਆਂ ਮੋਰਿੰਡਾ ਸ਼ਹਿਰ ਅਤੇ ਇਲਾਕੇ ’ਚ ਸੋਗ ਦੀ ਲਹਿਰ ਹੈ ਅਤੇ ਹੈਰੀ ਦੇ ਮਾਤਾ-ਪਿਤਾ ਤੁਰੰਤ ਕੈਨੇਡਾ ਲਈ ਰਵਾਨਾ ਹੋਏ।


