ਮਹਿਲ ਕਲਾਂ (ਨੇਹਾ): ਹਲਕੇ ਦੇ ਪਿੰਡ ਛੀਨੀਵਾਲ ਕਲਾਂ ਦੇ ਇੱਕ ਨੌਜਵਾਨ ਦੀ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਤੇਜ ਸਿੰਘ 25 ਸਾਲ ਵਜੋਂ ਹੋਈ ਹੈ। ਉਸ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਬਲਤੇਜ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਸਟੱਡੀ ਵੀਜ਼ੇ ’ਤੇ ਕੈਨੇਡਾ ਦੇ ਸਰੀ ਵਿਚ ਦਸੰਬਰ 2023 ਵਿੱਚ ਗਿਆ ਸੀ। ਉਸ ਦੀ ਮੌਤ ਦੀ ਖ਼ਬਰ ਮਿਲਣ ਨਾਲ ਪਿੰਡ ਛੀਨੀਵਾਲ ਸਮੇਤ ਇਲਾਕੇ ਭਰ ਵਿੱਚ ਸੋਗ ਦਾ ਮਾਹੌਲ ਹੈ।
ਇਸ ਸਬੰਧੀ ਪਿੰਡ ਦੇ ‘ਆਪ’ ਆਗੂ ਨਿਰਮਲ ਸਿੰਘ ਛੀਨੀਵਾਲ ਨੇ ਦੱਸਿਆ ਕਿ ਬਲਤੇਜ ਦੀ ਮੌਤ ਹੋਣ ਦੀ ਸੂਚਨਾ ਉਸ ਦੇ ਕੈਨੇਡਾ ਰਹਿੰਦੇ ਚਚੇਰੇ ਭਰਾ ਨੇ 26 ਦਸੰਬਰ ਨੂੰ ਦਿੱਤੀ ਸੀ। ਮ੍ਰਿਤਕ ਇੱਕ ਹੇਠਲੇ ਕਿਸਾਨੀ ਪਰਿਵਾਰ ਨਾਲ ਸਬੰਧਤ ਹੈ ਅਤੇ ਉਸ ਦਾ ਪਿਤਾ ਪ੍ਰਾਈਵੇਟ ਬੱਸ ਦਾ ਕੰਡਕਟਰ ਹੈ ਜਿਸ ਨੇ ਪੁੱਤ ਦੇ ਸੁਨਹਿਰੀ ਭਵਿੱਖ ਲਈ ਵਿਦੇਸ਼ ਭੇਜਿਆ ਸੀ। ਉਨ੍ਹਾਂ ਕਿਹਾ ਕਿ ਹੁਣ ਮ੍ਰਿਤਕ ਦੀ ਦੇਹ ਪਿੰਡ ਲਿਆਉਣ ਲਈ ਪਰਿਵਾਰ ਅਤੇ ਪਿੰਡ ਵਾਸੀ ਸਰਕਾਰ ਅੱਗੇ ਅਪੀਲ ਕਰ ਰਹੇ ਹਨ।
