
ਮੋਹਾਲੀ (ਰਾਘਵ) : ਪੰਜਾਬ ਪੁਲਸ ਨੇ ਪਿਛਲੇ 24 ਘੰਟਿਆਂ 'ਚ ਦੂਜੀ ਵੱਡੀ ਕਾਰਵਾਈ ਕਰਦੇ ਹੋਏ ਇਕ ਹੋਰ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਯੂਟਿਊਬਰ ਹੈ। ਐਕਸ ਤੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਨੇ ਮੁਹਾਲੀ ਤੋਂ ਰੂਪਨਗਰ ਦੇ ਪਿੰਡ ਮਾਹਲਣ ਦੇ ਰਹਿਣ ਵਾਲੇ ਜਸਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਸਬੀਰ ਸਿੰਘ ਯੂਟਿਊਬ 'ਤੇ 'ਜਾਨ ਮਹਿਲ' ਨਾਂ ਦਾ ਚੈਨਲ ਚਲਾਉਂਦਾ ਹੈ। ਪੰਜਾਬ ਪੁਲਿਸ ਅਨੁਸਾਰ ਜਸਬੀਰ ਸਿੰਘ ਦੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੇ ਸ਼ੱਕੀ ਏਜੰਟ ਸ਼ਾਕਿਰ ਉਰਫ਼ ਜੱਟ ਰੰਧਾਵਾ ਨਾਲ ਨਜ਼ਦੀਕੀ ਸਬੰਧ ਸਨ, ਜੋ ਭਾਰਤੀ ਮੂਲ ਦਾ ਹੈ ਅਤੇ ਪਾਕਿਸਤਾਨ ਲਈ ਕੰਮ ਕਰਦਾ ਹੈ। ਉਸਨੇ ਜਾਸੂਸੀ ਦੇ ਦੋਸ਼ਾਂ ਵਿੱਚ ਹਰਿਆਣਾ ਤੋਂ ਗ੍ਰਿਫਤਾਰ ਕੀਤੇ ਯੂਟਿਊਬਰ ਜੋਤੀ ਮਲਹੋਤਰਾ ਅਤੇ ਪਾਕਿਸਤਾਨੀ ਰਾਸ਼ਟਰੀ ਅਤੇ ਪਾਕਿ ਹਾਈ ਕਮਿਸ਼ਨ ਦੇ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ ਦਾਨਿਸ਼ ਨਾਲ ਵੀ ਸੰਪਰਕ ਬਣਾਈ ਰੱਖਿਆ ਸੀ।
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਲ ਹੀ 'ਚ ਹਰਿਆਣਾ ਦੇ ਹਿਸਾਰ ਤੋਂ ਗਿ੍ਫ਼ਤਾਰ ਕੀਤੀ ਗਈ ਜੋਤੀ ਮਲਹੋਤਰਾ ਤੋਂ ਪੁੱਛਗਿੱਛ ਦੌਰਾਨ ਮੁਲਜ਼ਮ ਜਸਬੀਰ ਦਾ ਨਾਂਅ ਸਾਹਮਣੇ ਆਇਆ ਸੀ | ਇਹ ਮੁਲਜ਼ਮ ਜੋਤੀ ਮਲਹੋਤਰਾ ਨਾਲ ਜੁੜਿਆ ਹੋਇਆ ਸੀ। ਉਹ ਕਈ ਵਾਰ ਇੱਕ ਦੂਜੇ ਨਾਲ ਗੱਲ ਵੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਜੋਤੀ ਮਲਹੋਤਰਾ ਦੇ ਜ਼ਰੀਏ ਹੀ ਦੋਸ਼ੀ ਜਸਬੀਰ ਪਾਕਿ ਹਾਈ ਕਮਿਸ਼ਨਰ ਦੇ ਕੱਢੇ ਗਏ ਅਧਿਕਾਰੀ ਅਹਿਸਾਨ ਉਰ ਰਹੀਮ ਉਰਫ ਦਾਨਿਸ਼ ਦੇ ਸੰਪਰਕ 'ਚ ਆਇਆ ਸੀ। ਮੁੱਢਲੀ ਜਾਂਚ ਵਿੱਚ ਪੁਲੀਸ ਨੂੰ ਮੁਲਜ਼ਮਾਂ ਦੇ ਮੋਬਾਈਲ ਵਿੱਚੋਂ ਕੁਝ ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓਜ਼ ਮਿਲੀਆਂ ਹਨ। ਇਸ ਦੇ ਨਾਲ ਹੀ ਉਸ ਦੇ ਫੋਨ 'ਚ ਕੁਝ ਪਾਕਿਸਤਾਨੀ ਖੁਫੀਆ ਏਜੰਸੀਆਂ ਦੇ ਲੋਕਾਂ ਦੇ ਨੰਬਰ ਵੀ ਮਿਲੇ ਹਨ। ਉਸ ਨੇ ਇਹ ਨੰਬਰ ਵੱਖ-ਵੱਖ ਨਾਵਾਂ ਨਾਲ ਸੇਵ ਕੀਤਾ ਹੋਇਆ ਸੀ।
ਜਾਂਚ ਤੋਂ ਪਤਾ ਲੱਗਾ ਹੈ ਕਿ ਜਸਬੀਰ ਨੇ ਦਾਨਿਸ਼ ਦੇ ਸੱਦੇ 'ਤੇ ਦਿੱਲੀ 'ਚ ਪਾਕਿਸਤਾਨ ਦੇ ਰਾਸ਼ਟਰੀ ਦਿਵਸ ਸਮਾਗਮ 'ਚ ਸ਼ਿਰਕਤ ਕੀਤੀ ਸੀ, ਜਿੱਥੇ ਉਸ ਨੇ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਅਤੇ ਵੀਲਾਗਰਾਂ ਨਾਲ ਮੁਲਾਕਾਤ ਕੀਤੀ ਸੀ। ਉਸਨੇ ਤਿੰਨ ਮੌਕਿਆਂ (2020, 2021, 2024) 'ਤੇ ਪਾਕਿਸਤਾਨ ਦਾ ਦੌਰਾ ਵੀ ਕੀਤਾ। ਉਸ ਦੇ ਮੋਬਾਈਲ ਫੋਨ 'ਤੇ ਪਾਕਿਸਤਾਨ ਨਾਲ ਸਬੰਧਤ ਕਈ ਸੰਪਰਕ ਨੰਬਰ ਮਿਲੇ ਹਨ। ਫੋਰੈਂਸਿਕ ਟੀਮਾਂ ਮਾਮਲੇ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਤੋਂ ਬਾਅਦ, ਜਸਬੀਰ ਨੇ ਪਛਾਣ ਤੋਂ ਬਚਣ ਲਈ ਇਨ੍ਹਾਂ ਪੀਆਈਓਜ਼ ਨਾਲ ਆਪਣੇ ਸੰਚਾਰ ਦੇ ਸਾਰੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।
ਮੁਲਜ਼ਮ ਨੂੰ ਅੱਜ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਰਿਮਾਂਡ ਦੌਰਾਨ ਉਸ ਤੋਂ ਪੁੱਛਗਿੱਛ ਕਰੇਗੀ। ਪੁਲਸ ਨੂੰ ਸ਼ੱਕ ਹੈ ਕਿ ਇਸ ਨਾਲ ਕੁਝ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ। ਪੁਲੀਸ ਨੇ ਮੁਲਜ਼ਮ ਬਾਰੇ ਖੁਫ਼ੀਆ ਵਿਭਾਗ ਨੂੰ ਸੂਚਨਾ ਦੇ ਦਿੱਤੀ ਹੈ।