ਵਾਇਨਾਡ ’ਚ ਆਪਣੇ ਨੁਕਸਾਨੇ ਗਏ ਦਫ਼ਤਰ ਪਹੁੰਚੇ Rahul Gandhi

by jaskamal

ਨਿਊਜ਼ ਡੈਸਕ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵਾਇਨਾਡ ’ਚ ਸ਼ੁੱਕਰਵਾਰ ਨੂੰ ਆਪਣੇ ਦਫ਼ਤਰ ਦਾ ਦੌਰਾ ਕੀਤਾ। ਇਸ ਦਫ਼ਤਰ ’ਚ ਮਾਕਪਾ ਦੇ ਵਿਦਿਆਰਥੀ ਵਿੰਗ ਐੱਸਐੱਫਆਈ ਦੇ ਕਾਰਕੁਨਾਂ ਵੱਲੋਂ ਹਾਲ ਹੀ ’ਚ ਬਫ਼ਰ ਜ਼ੋਨ ਦੇ ਮੁੱਦੇ ’ਤੇ ਭੰਨ-ਤੋੜ ਕੀਤੀ ਗਈ ਸੀ। ਰਾਹੁਲ ਨੇ ਇਸ ਕਾਰੇ ਨੂੰ ‘ਗ਼ੈਰ-ਜ਼ਿੰਮੇਵਾਰਾਨਾ’ ਦੱਸਿਆ ਹੈ। ਇਥੇ ਆਪਣੇ ਚੋਣ ਹਲਕੇ ਦੇ ਤਿੰਨ ਦਿਨਾ ਦੌਰੇ ’ਤੇ ਆਏ ਗਾਂਧੀ ਅੱਜ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਦਫ਼ਤਰ ਪੁੱਜੇ।

ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਵਾਇਨਾਡ ਦੇ ਲੋਕਾਂ ਦਾ ਦਫ਼ਤਰ ਹੈ ਅਤੇ ਖੱਬੇ ਪੱਖੀ ਵਿਦਿਆਰਥੀ ਕਾਰਜਕਰਤਾਵਾਂ ਵੱਲੋਂ ਜੋ ਕੁਝ ਕੀਤਾ ਗਿਆ, ਉਹ 'ਬੇਹੱਦ ਬਦਕਿਸਮਤ' ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਤੇ ਉਨ੍ਹਾਂ ਦੇ ਮਨ 'ਚ ਉਨ੍ਹਾਂ ਦੇ ਪ੍ਰਤੀ ਕੋਈ ਗੁੱਸਾ ਜਾਂ ਦੁਸ਼ਮਣੀ ਨਹੀਂ ਹੈ। ਉਹ ਵਿਚਾਰ ਜੋ ਤੁਸੀਂ ਦੇਸ਼ 'ਚ ਹਰ ਥਾਂ ਦੇਖਦੇ ਹੋ, ਉਹ ਇਹ ਹੈ ਕਿ ਹਿੰਸਾ ਨਾਲ ਸਮੱਸਿਆਵਾਂ ਹੱਲ ਹੋ ਜਾਣਗੀਆਂ ਪਰ ਹਿੰਸਾ ਕਦੇ ਸਮੱਸਿਆਵਾਂ ਦਾ ਹੱਲ ਨਹੀਂ ਕਰਦੀ ਹੈ... ਅਜਿਹਾ ਕਰਨਾ ਚੰਗੀ ਗੱਲ ਨਹੀਂ ਹੈ... ਉਨ੍ਹਾਂ ਨੇ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਕੰਮ ਕੀਤਾ ਪਰ ਮੇਰੇ ਮਨ 'ਚ ਉਨ੍ਹਾਂ ਪ੍ਰਤੀ ਕੋਈ ਗੁੱਸਾ ਜਾਂ ਦੁਸ਼ਮਣੀ ਦਾ ਭਾਵ ਨਹੀਂ ਹੈ।