ਰਾਹੁਲ ਗਾਂਧੀ ਸਾਬਕਾ ਪੀ.ਐੱਮ. ਮਨਮੋਹਨ ਸਿੰਘ ਨੂੰ ਮਿਲਣ ਪੁਜੇ

by vikramsehajpal

ਦਿੱਲੀ (ਦੇਵ ਇੰਦਰਜੀਤ) : ਬੁਖਾਰ, ਸਾਹ ਲੈਣ ਵਿੱਚ ਦਿੱਕਤ ਅਤੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕਾਰਨ ਏਮਜ਼ ਵਿੱਚ ਦਾਖਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ।

ਬਜ਼ੁਰਗ ਨੇਤਾ ਨੂੰ ਮਿਲ ਕੇ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਲੈਣ ਵੀਰਵਾਰ ਨੂੰ ਸਿਹਤ ਮੰਤਰੀ ਮਨਸੁਖ ਮਾਂਡਵੀਆ ਅਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ-ਏਮਜ਼ ਗਏ। ਮਾਂਡਵੀਆ ਨੇ 89 ਸਾਲਾ ਮਨਮੋਹਨ ਸਿੰਘ ਦਾ ਇਲਾਜ ਕਰ ਰਹੇ ਡਾਕਟਰ ਤੋਂ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਲਈ। ਮਾਂਡਵੀਆ ਨੇ ਡਾ. ਸਿੰਘ ਨਾਲ ਵੀ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ। ਪੀ.ਐੱਮ. ਮੋਦੀ ਨੇ ਟਵੀਟ ਕੀਤਾ।

‘‘ਮੈਂ ਡਾ. ਮਨਮੋਹਨ ਸਿੰਘ ਜੀ ਦੀ ਚੰਗੀ ਸਿਹਤ ਅਤੇ ਜਲਦੀ ਤੰਦਰੁਸਤ ਹੋਣ ਦੀ ਅਰਦਾਸ ਕਰਦਾ ਹਾਂ। ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਡਾ. ਸਿੰਘ ਦੀ ਸਿਹਤ ਦਾ ਹਾਲਚਾਲ ਲੈਣ ਏਮਜ਼ ਗਏ। ਉਨ੍ਹਾਂ ਨੇ ਉੱਥੇ ਉਨ੍ਹਾਂ ਦੀ ਪਤਨੀ ਗੁਰਸ਼ਰਣ ਕੌਰ ਨਾਲ ਮੁਲਾਕਾਤ ਕੀਤੀ।

ਸੂਤਰਾਂ ਨੇ ਦੱਸਿਆ ਕਿ ਡਾ. ਸਿੰਘ ਦੀ ਹਾਲਤ ਸਥਿਰ ਹੈ ਅਤੇ ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ। ਡਾ. ਸਿੰਘ ਇਸ ਸਾਲ ਅਪ੍ਰੈਲ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਏ ਸਨ ਅਤੇ ਉਦੋਂ ਵੀ ਉਨ੍ਹਾਂ ਨੂੰ ਏਮਜ਼ ਵਿੱਚ ਦਾਖਲ ਕਰਾਇਆ ਗਿਆ ਸੀ।

ਸਾਬਕਾ ਪ੍ਰਧਾਨ ਮੰਤਰੀ ਨੇ ਇਸ ਸਾਲ ਚਾਰ ਮਾਰਚ ਅਤੇ ਤਿੰਨ ਅਪ੍ਰੈਲ ਨੂੰ ਕੋਵਿਡ ਟੀਕਾ ਲਿਆ ਸੀ। ਸਾਲ 2009 ਵਿੱਚ ਏਮਜ਼ ਵਿੱਚ ਹੀ ਉਨ੍ਹਾਂ ਦੇ ਦਿਲ ਦਾ ਆਪਰੇਸ਼ਨ ਕੀਤਾ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਨੂੰ ਸਿਹਤ ਖ਼ਰਾਬ ਹੋਣ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਏਮਜ਼ ਵਿੱਚ ਦਾਖਲ ਕਰਾਇਆ ਗਿਆ ਸੀ।