ਰਾਹੁਲ ਗਾਂਧੀ ਨੇ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ 500 ਕਿਸਾਨਾਂ ਦੀ ਸੂਚੀ ਲੋਕ ਸਭਾ ’ਚ ਰੱਖੀ, ਮੰਗਿਆ ਮੁਆਵਜ਼ਾ

by jaskamal

ਨਿਊਡ ਡੈਸਕ (ਜਸਕਮਲ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ 'ਚ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਤੇ ਕਿਹਾ ਕਿ ਸਰਕਾਰ ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ। ਗਾਂਧੀ ਨੇ ਸਿਫ਼ਰ ਕਾਲ ਦੌਰਾਨ ਸਦਨ 'ਚ ਇਹ ਮੁੱਦਾ ਰੱਖਿਆ ਤੇ ਲੋਕ ਸਭਾ ’ਚ ਕਰੀਬ 500 ਕਿਸਾਨਾਂ ਦੀ ਸੂਚੀ ਵੀ ਰੱਖੀ ਤੇ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ ਦੌਰਾਨ ਇਨ੍ਹਾਂ ਲੋਕਾਂ ਦੀ ਜਾਨ ਗਈ ਹੈ। ਉਨ੍ਹਾਂ ਕਿਹਾ,‘ਸਾਰਾ ਦੇਸ਼ ਜਾਣਦਾ ਹੈ ਕਿ ਕਿਸਾਨ ਅੰਦੋਲਨ 'ਚ 700 ਦੇ ਕਰੀਬ ਕਿਸਾਨ ਸ਼ਹੀਦ ਹੋਏ ਸਨ।

ਪ੍ਰਧਾਨ ਮੰਤਰੀ ਨੇ ਦੇਸ਼ ਤੇ ਕਿਸਾਨਾਂ ਤੋਂ ਮੁਆਫੀ ਮੰਗੀ ਹੈ। ਪ੍ਰਧਾਨ ਮੰਤਰੀ ਨੇ ਮੰਨਿਆ ਕਿ ਉਨ੍ਹਾਂ ਨੇ ਗਲਤੀ ਕੀਤੀ ਹੈ। 30 ਨਵੰਬਰ ਨੂੰ ਖੇਤੀਬਾੜੀ ਮੰਤਰੀ ਨੂੰ ਸਵਾਲ (ਲੋਕ ਸਭਾ 'ਚ ਲਿਖਤੀ ਸਵਾਲ) ਪੁੱਛਿਆ ਗਿਆ ਸੀ ਕਿ ਕਿੰਨੇ ਕਿਸਾਨਾਂ ਦੀ ਮੌਤ ਹੋਈ ਹੈ। ਉਨ੍ਹਾਂ ਨੇ ਜਵਾਬ ਦਿੱਤਾ ਕਿ ਉਨ੍ਹਾਂ ਕੋਲ ਕੋਈ ਡਾਟਾ ਨਹੀਂ ਹੈ।’ ਗਾਂਧੀ ਨੇ ਕਿਹਾ,‘ ਅਸੀਂ ਇਨ੍ਹਾਂ ਕਿਸਾਨਾਂ ਬਾਰੇ ਪਤਾ ਲਾਇਆ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਕਰੀਬ 400 ਤੋਂ ਵੱਧ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਹੈ। ਮੈਂ ਇਨ੍ਹਾਂ ਕਿਸਾਨਾਂ ਦੀ ਸੂਚੀ ਤੇ ਹਰਿਆਣਾ ਦੇ ਕੁਝ ਕਿਸਾਨਾਂ ਦੀ ਸੂਚੀ ਦੇ ਰਿਹਾ ਹਾਂ, ਜਿਨ੍ਹਾਂ ਨੇ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆਈਆਂ।